Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ  ਬਾਰਿ ਪਰਾਇਐ ਬੈਸਣਾ   ਸਾਂਈ ਮੁਝੈ ਦੇਹਿ
ਜੇ ਤੂ ਏਵੈ ਰਖਸੀ   ਜੀਉ ਸਰੀਰਹੁ ਲੇਹਿ ॥੪੨॥
-ਗੁਰੂ ਗ੍ਰੰਥ ਸਾਹਿਬ ੧੩੮੦

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਬਾਬਾ ਫਰੀਦ ਜੀ ਦੇ ਇਸ ਸਲੋਕ ਦੇ ਅਖਰੀ ਅਰਥ ਤਾਂ ਇਹੋ ਬਣਦੇ ਹਨ ਕਿ ਉਹ ਪ੍ਰਭੂ ਨੂੰ ਸੰਬੋਧਨ ਹੁੰਦਿਆਂ ਬੇਨਤੀ ਕਰਦੇ ਹਨ ਕਿ ਉਨ੍ਹਾਂ ਨੂੰ ਕਦੇ ਕਿਸੇ ਪਰਾਏ ਜਾਂ ਓਪਰੇ ਦੇ ਘਰ ਵਿਚ ਰਹਿਣ ਲਈ ਮਜਬੂਰ ਨਾ ਹੋਣਾ ਪਵੇ। ਕਿਉਂਕਿ ਓਪਰੇ ਘਰਾਂ ਵਿਚ ਕਦੇ ਵੀ ਕੋਈ ਉਸ ਤਰ੍ਹਾਂ ਨਹੀਂ ਰਹਿ ਸਕਦਾ, ਜਿਸ ਤਰ੍ਹਾਂ ਆਪਣੇ ਘਰ ਵਿਚ ਰਹਿ ਸਕਦਾ ਹੈ। ਓਪਰੇ ਘਰ ਵਿਚ ਕਈ ਤਰ੍ਹਾਂ ਦਾ ਬੰਧਨ ਹੁੰਦਾ ਹੈ, ਕਈ ਗੱਲਾਂ ਦਾ ਖਿਆਲ ਰਖਣਾ ਪੈਂਦਾ ਹੈ ਤੇ ਕਈ ਗੱਲਾਂ ਤੋਂ ਜਬਰਨ ਪ੍ਰਹੇਜ ਰਖਣਾ ਪੈਂਦਾ ਹੈ। ਇਸ ਕਰਕੇ ਹਰ ਕਿਸੇ ਦੀ ਕੋਸ਼ਿਸ਼ ਹੁੰਦੀ ਹੈ ਕਿ ਉਸ ਕੋਲ ਆਪਣਾ ਹੀ ਘਰ ਹੋਵੇ ਤੇ ਉਸ ਦਾ ਜੀਵਨ ਇਸ ਆਪਣੇ ਘਰ ਵਿਚ ਹੀ ਬਤੀਤ ਹੋਵੇ।

ਫਿਰ ਦੱਸਿਆ ਹੈ ਕਿ ਜੇ ਉਸ ਮਾਲਕ ਪ੍ਰਭੂ ਨੇ ਇਸੇ ਤਰ੍ਹਾਂ ਹੀ, ਭਾਵ ਪਰਾਏ ਜਾਂ ਓਪਰੇ ਘਰ ਵਿਚ ਹੀ ਰਹਿਣ ਲਈ ਮਜਬੂਰ ਕਰਨਾ ਜਾਂ ਰਖਣਾ ਹੈ ਤਾਂ ਫਿਰ ਬਿਹਤਰ ਇਹ ਹੈ ਕਿ ਉਨ੍ਹਾਂ ਦੇ ਸਰੀਰ ਵਿਚੋਂ ਜਾਨ ਹੀ ਕੱਢ ਲਈ ਜਾਵੇ। ਜਿਸ ਨਾਲ ਉਨ੍ਹਾਂ ਦੇ ਰਹਿਣ ਜਾਂ ਨਾ ਰਹਿਣ ਦਾ ਮਸਲਾ ਹੀ ਮੁੱਕ ਜਾਵੇ। ਕਿਉਂਕਿ ਆਪਣੇ ਘਰ ਰਹਿਣਾ ਹੀ ਚੰਗਾ ਅਤੇ ਸੁਖਮਈ ਹੁੰਦਾ ਹੈ ਤੇ ਮੁਥਾਜਗੀ ਕਿਸੇ ਵੀ ਹਾਲਤ ਵਿਚ ਚੰਗੀ ਨਹੀਂ ਹੁੰਦੀ।

ਇਸ ਸਲੋਕ ਦਾ ਅੰਤਰੀਵ ਭਾਵ ਹੈ ਕਿ ਉਪਰੋਕਤ ਉਦਾਹਰਣ ਰਾਹੀਂ ਬਾਬਾ ਫਰੀਦ ਜੀ ਸਮਝਾ ਰਹੇ ਹਨ ਮਨੁਖ ਦੇ ਜੀਵਨ ਵਿਚ ਜਿਤਨਾ ਮਰਜੀ ਉਤਰਾ-ਚੜਾਅ ਹੋਵੇ, ਔਖ ਦਾ ਸਮਾਂ ਹੋਵੇ ਉਸ ਨੂੰ ਕੇਵਲ ਇਕੋ ’ਤੇ ਆਸ ਰਖਣੀ ਚਾਹੀਦੀ ਹੈ। ਇਕ ਪ੍ਰਭੂ ਜੀ ਤੋਂ ਬਿਨਾਂ ਕਿਸੇ ਹੋਰ ਦਾ ਮੁਥਾਜ ਨਹੀ ਬਣਨਾ ਚਾਹੀਦਾ। ਸਗੋਂ ਮਾਲਕ ਅੱਗੇ ਬੇਨਤੀ ਕਰਨੀ ਚਾਹੀਦੀ ਹੈ ਕਿ ਕਿਸੇ ਪਰਾਏ ਦੀ ਮੁਥਾਜਗੀ ਨਾਲੋਂ ਮੌਤ ਹੀ ਚੰਗੀ ਹੈ। ਭਗਤਾਂ ਨੂੰ ਪ੍ਰਭੂ ਤੋਂ ਬਿਨਾਂ ਹੋਰ ਕਿਸੇ ਤੇ ਕੋਈ ਆਸ ਨਹੀ ਹੁੰਦੀ, ਸਗੋਂ ਉਹ ਤਾਂ ਪਰਾਈ ਆਸ ਨੂੰ ਪਾਪ ਸਮਝਦੇ ਹਨ। ਮੌਤ ਉਨ੍ਹਾਂ ਨੂੰ ਮੁਥਾਜਗੀ ਨਾਲੋਂ ਬਿਹਤਰ ਲੱਗਦੀ ਹੈ। ਰੱਬ ਦੇ ਬਗੈਰ ਕਿਸੇ ਹੋਰ ਦੇ ਆਸਰੇ ਰਹਿਣਾ ਕਦੇ ਵੀ ਤੇ ਕਿਸੇ ਲਈ ਵੀ ਸੁਖਮਈ ਨਹੀਂ ਹੋ ਸਕਦਾ।

Tags