ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਦਰਿ ਦਰਵਾਜੈ ਜਾਇ ਕੈ ਕਿਉ ਡਿਠੋ ਘੜੀਆਲੁ ॥
ਏਹੁ ਨਿਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲੁ ॥੩੯॥
-ਗੁਰੂ ਗ੍ਰੰਥ ਸਾਹਿਬ ੧੩੭੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪਰਾਣੇ ਵੇਲਿਆ ਵਿਚ ਸਮੇਂ ਦੀ ਵੰਡ ਪਹਿਰਾਂ ਵਿਚ ਕੀਤੀ ਜਾਂਦੀ ਸੀ। ਚਾਰ ਪਹਿਰ ਦਾ ਦਿਨ ਅਤੇ ਚਾਰ ਪਹਿਰ ਦੀ ਰਾਤ ਮੰਨੀ ਜਾਦੀ ਸੀ। ਇਕ ਪਹਿਰ ਵਿਚ ਅਠ ਘੜੀਆਂ ਮੰਨੀਆਂ ਜਾਂਦੀਆ ਸਨ ਅਤੇ ਇਕ ਘੜੀ ਤਕਰੀਬਨ ਸਾਢੇ ਬਾਈ ਮਿੰਟ ਦੀ ਹੁੰਦੀ ਸੀ। ਉਨ੍ਹਾਂ ਵੇਲਿਆਂ ਵਿਚ ਸਮਾਂ ਜਾਨਣ ਵਾਸਤੇ ਆਮ ਤੌਰ ’ਤੇ ਵਡੇ ਬੰਦਿਆਂ ਦੇ ਘਰਾਂ, ਰਾਜਿਆਂ ਦੇ ਕਿਲ੍ਹਿਆਂ, ਗੜੀਆਂ ਜਾਂ ਪਿੰਡਾਂ ਦੇ ਅੰਦਰ ਦਾਖਲ ਹੋਣ ਵਾਲੇ ਦਰਵਾਜਿਆਂ ਦੇ ਉਪਰ ਘੜਿਆਲ ਟੰਗੇ ਹੁੰਦੇ ਸਨ। ਹਰ ਪਹਿਰ ਦੇ ਬਤੀਤ ਹੋਣ ’ਤੇ ਘੜਿਆਲ ਉਪਰ ਹਥੌੜੇ ਨਾਲ ਸੱਟ ਮਾਰੀ ਜਾਂਦੀ ਸੀ। ਇਨ੍ਹਾਂ ਸੱਟਾਂ ਦੀ ਗਿਣਤੀ ਹਰ ਵਧਦੇ ਹੋਏ ਪਹਿਰ ਨਾਲ ਇਕ, ਦੋ, ਤਿੰਨ ਆਦਿ ਤੋਂ ਚਲਦੀ ਅਠ ਤਕ ਪਹੁੰਚ ਜਾਂਦੀ ਸੀ।
ਇਸ ਤੋਂ ਇਲਾਵਾ ਪਿੰਡਾਂ ਦੇ ਦਰਮਿਆਨ ਇਕ ਅਜਿਹੀ ਇਮਾਰਤ ਵੀ ਹੁੰਦੀ ਸੀ, ਜਿਸ ਦੇ ਵਿਚਕਾਰ ਲਾਂਘਾ ਹੁੰਦਾ ਸੀ ਤੇ ਦੋਵੇਂ ਪਾਸੇ ਬੈਠਣ ਲਈ ਥੜ੍ਹੇ ਬਣੇ ਹੁੰਦੇ ਸਨ। ਇਥੇ ਮੋਹਤਬਰ ਲੋਕ ਬੈਠਦੇ ਸਨ ਤੇ ਪਿੰਡ ਦੇ ਮਸਲੇ ਨਜਿੱਠਦੇ ਸਨ। ਇਥੇ ਲੋਕਾਂ ਨੂੰ ਸੱਦਣ ਲਈ ਘੜਿਆਲ ਟੰਗਿਆ ਹੁੰਦਾ ਸੀ, ਜਿਸ ਨੂੰ ਸਮੇਂ-ਸਮੇਂ ਹਥੋੜੇ ਮਾਰ ਕੇ ਵਜਾਇਆ ਜਾਂਦਾ ਸੀ। ਇਹ ਵੀ ਹੋ ਸਕਦਾ ਹੈ ਕਿ ਇਸ ਥਾਂ ਦੋਸ਼ੀਆਂ ਨੂੰ ਸਜ਼ਾ ਵੀ ਦਿੱਤੀ ਜਾਂਦੀ ਹੋਵੇ ਤੇ ਉਨ੍ਹਾਂ ਨੂੰ ਵੀ ਘੜਿਆਲ ਵਾਂਗ ਕੁੱਟਿਆ-ਮਾਰਿਆ ਜਾਂਦਾ ਹੋਵੇ।
ਇਸ ਸਲੋਕ ਵਿਚ ਬਾਬਾ ਫਰੀਦ ਜੀ ਇਕ ਅਜਿਹੇ ਬੰਦੇ ਦੀ ਮਨੋਅਵਸਥਾ ਦੱਸਦੇ ਹਨ, ਜਿਸ ਨੂੰ ਪਤਾ ਹੈ ਕਿ ਉਹ ਦੋਸ਼ੀ ਹੈ। ਉਸ ਨੇ ਆਪਣੇ ਜੀਵਨ ਵਿਚ ਬਹੁਤ ਬੁਰੇ ਕੰਮ ਕੀਤੇ ਹਨ। ਪਾਪ ਦੀ ਕਮਾਈ ਨਾਲ ਆਪਣਾ ਘਰ ਭਰਿਆ ਹੈ। ਉਸ ਨੂੰ ਆਪਣੀ ਇਸ ਕਰਨੀ ਦੀ ਸਜਾ ਜਰੂਰ ਮਿਲੇਗੀ। ਉਹ ਸੋਚਦਾ ਹੈ ਕਿ ਜੇਕਰ ਸਮਾਂ ਦੱਸਣ ਲਈ ਦਰਵਾਜ਼ੇ ਵਿਚ ਟੰਗੇ ਹੋਏ ਘੜਿਆਲ ਨੂੰ ਜੋ ਵਿਚਾਰਾ ਮਹਿਜ਼ ਇਕ ਧਾਤ ਹੈ ਤੇ ਦੋਸ਼ਾਂ ਤੋਂ ਬਿਲਕੁਲ ਮੁਕਤ ਹੈ, ਬੇਗੁਨਾਹ ਹੁੰਦਿਆਂ ਵੀ ਦਿਨ-ਰਾਤ ਕੁੱਟਿਆ ਜਾ ਰਿਹਾ ਹੈ ਤਾਂ ਫਿਰ ਸੱਚ ਦੀ ਕਚਿਹਰੀ ਵਿਚ ਉਸ ਨਾਲ ਕੀ ਵਾਪਰੇਗਾ? ਉਸਨੇ ਤਾਂ ਬੇਅੰਤ ਮਾੜੇ ਕੰਮ ਕੀਤੇ ਹਨ।
ਇਹ ਪਹਿਲੂ ਲੈ ਕਿ ਬਾਬਾ ਫਰੀਦ ਜੀ ਸਮਝਾ ਰਹੇ ਹਨ ਜਿਥੇ ਕਿਸੇ ਵੀ ਤਰ੍ਹਾਂ ਦੇ ਦੋਸ਼ਾਂ ਤੋਂ ਮੁਕਤ ਧਾਤ ਨੂੰ ਵੀ ਇਸ ਤਰ੍ਹਾਂ ਮਾਰ ਸਹਿਣੀ ਪੈਂਦੀ ਹੋਵੇ, ਉਥੇ ਸੋਚ ਕੇ ਵੇਖੋ ਉਨ੍ਹਾਂ ਲੋਕ ਨਾਲ ਕੀ ਬੀਤੇਗੀ, ਜਿਹੜੇ ਪਾਪਾਂ ਨਾਲ ਭਰੇ ਹੋਏ ਹਨ ਤੇ ਦੋਸ਼ੀ ਹਨ? ਇਸ ਲਈ ਹੇ ਮਨੁਖ! ਪਾਪ ਤੋਂ ਦੂਰ ਰਹੋ ਅਤੇ ਗੁਨਾਹਾਂ ਤੋਂ ਬਚੋ।