ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ ॥
ਲੇਖਾ ਰਬੁ ਮੰਗੇਸੀਆ ਤੂ ਆਂਹੋ ਕੇਰ੍ਹੇ ਕੰਮਿ ॥੩੮॥
-ਗੁਰੂ ਗ੍ਰੰਥ ਸਾਹਿਬ ੧੩੭੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸਵੇਰ ਦੀ ਨਮਾਜ਼ ਤੋਂ ਪਹਿਲਾਂ ਮਸਜਿਦ ਦੇ ਆਸ-ਪਾਸ ਦੇ ਲੋਕਾਂ ਨੂੰ ਨਮਾਜ਼ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ ਤੇ ਦੱਸਿਆ ਜਾਂਦਾ ਹੈ ਕਿ “ਅੱਸਲਾਤੁ ਖੈਰੁ ਮਿਨਨਨੌਮ”। ਭਾਵ, ਰੱਬ ਨੂੰ ਯਾਦ ਕਰਨਾ ਨੀਂਦ ਤੋਂ ਬਿਹਤਰ ਹੈ। ਇਹੀ ਕਾਰਣ ਹੈ ਕਿ ਇਸਲਾਮ ਅਤੇ ਸੂਫੀ ਮੱਤ ਦੇ ਪ੍ਰਚਾਰਕਾਂ ਨੇ ਨੀਂਦ ਤੋਂ ਬਚਣ ਅਤੇ ਜਾਗਦੇ ਰਹਿਣ ’ਤੇ ਵਧੇਰੇ ਬਲ ਦਿਤਾ ਹੈ। ਬੁੱਲੇਸ਼ਾਹ ਦੀ ਕਾਫੀ ਹੈ: ਉਠ ਜਾਗ ਘੁਰਾੜੇ ਮਾਰ ਨਹੀਂ, ਇਹ ਸੌਣ ਤੇਰੇ ਦਰਕਾਰ ਨਹੀਂ।
ਇਸ ਸਲੋਕ ਵਿਚ ਬਾਬਾ ਫਰੀਦ ਜੀ ਦੱਸ ਰਹੇ ਹਨ ਕਿ ਚਾਰ ਪਹਿਰ ਦੀ ਰਾਤ ਹੁੰਦੀ ਹੈ ਤੇ ਚਾਰ ਪਹਿਰ ਦਾ ਦਿਨ ਹੁੰਦਾ ਹੈ। ਮਨੁਖ ਰਾਤ ਦੇ ਚਾਰ ਪਹਿਰ ਸੌਂ ਕੇ ਬਤੀਤ ਕਰਦਾ ਹੈ ਤੇ ਚਾਰ ਪਹਿਰ ਦਿਨ ਦੇ ਲੋਭ ਲਾਲਚ ਅਤੇ ਵਿਸ਼ੇ ਵਿਕਾਰ ਨੂੰ ਭੋਗਦਿਆਂ ਕੰਮ-ਕਾਰ ਵਿਚ ਹੀ ਤੁਰ-ਫਿਰ ਕੇ ਬਤੀਤ ਕਰ ਲੈਂਦਾ ਹੈ।
ਮਨੁਖ ਨੂੰ ਚੇਤੰਨ ਕਰਦੇ ਹੋਏ ਦੱਸਿਆ ਗਿਆ ਹੈ ਕਿ ਜਦ ਜੀਵਨ ਦੇ ਅੰਤ ਵਿਚ ਉਸ ਕੋਲੋਂ ਕੀਤੇ ਚੰਗੇ-ਮਾੜੇ ਕੰਮਾਂ ਦਾ ਹਿਸਾਬ ਪੁੱਛਿਆ ਜਾਵੇਗਾ ਤਾਂ ਉਹ ਕੀ ਜਵਾਬ ਦੇਵੇਗਾ ਕਿ ਉਸ ਨੂੰ ਭੇਜਿਆ ਕਿਸ ਕੰਮ ਲਈ ਸੀ ਤੇ ਉਹ ਕਰਦਾ ਕੀ ਰਿਹਾ ਹੈ? ਭਾਵ, ਮਨੁਖ ਪ੍ਰਭੂ ਦੇ ਨਾਮ-ਸਿਮਰਨ ਲਈ ਪੈਦਾ ਹੋਇਆ ਹੈ ਤੇ ਉਸ ਨੂੰ ਇਸ ਵੱਲ ਹੀ ਵਧੇਰੇ ਧਿਆਨ ਦੇਣ ਦੀ ਲੋੜ ਹੈ।