ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡੁ ਲਿਵਾੜਿ ॥
ਇਕਿ ਰਾਹੇਦੇ ਰਹਿ ਗਏ ਇਕਿ ਰਾਧੀ ਗਏ ਉਜਾੜਿ ॥੩੭॥
-ਗੁਰੂ ਗ੍ਰੰਥ ਸਾਹਿਬ ੧੩੭੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਨੇ ‘ਗੰਦਲ’ ਨੂੰ ਇਕ ਪ੍ਰਤੀਕ ਵਜੋਂ ਲਿਆ ਹੈ। ਆਮ ਤੌਰ ’ਤੇ ਕਿਸੇ ਪੌਦੇ ਦੀ ਸਭ ਤੋਂ ਉਪਰਲੀ ਕੂਲੀ ਕਰੂੰਬਲ ਨੂੰ ਗੋਭ, ਲਗਰ ਜਾਂ ਗੰਦਲ ਕਿਹਾ ਜਾਂਦਾ ਹੈ। ਸਰੋਂ, ਤੋਰੀਏ ਆਦਿ ਦੀਆਂ ਲਗਰਾਂ ਨੂੰ ਵਿਸ਼ੇਸ਼ ਕਰਕੇ ‘ਗੰਦਲ’ ਆਖਿਆ ਜਾਂਦਾ ਹੈ। ਪੰਜਾਬੀ ਸਮਾਜ ਵਿਚ ਸਰੋਂ ਦੀਆਂ ਗੰਦਲਾਂ ਸਾਗ ਬਣਾਉਣ ਲਈ ਬੇਹੱਦ ਸੁਆਦੀ ਸਮਝੀਆਂ ਜਾਂਦੀਆ ਹਨ। ਇਹ ਵੀ ਕੁਦਰਤ ਦਾ ਨਿਜਾਮ ਹੈ ਕਿ ਜੇਕਰ ਕਿਸੇ ਪੌਦੇ ਨਾਲੋਂ ਇਕ ਗੰਦਲ ਨੂੰ ਤੋੜ ਲਈਏ ਤਾਂ ਉਸੇ ਪੌਦੇ ਨੂੰ ਥੋੜੇ ਸਮੇਂ ਬਾਅਦ ਹੋਰ ਨਵੀਆਂ ਗੰਦਲਾਂ ਫੁੱਟ ਪੈਂਦੀਆਂ ਹਨ।
ਇਸ ਸਲੋਕ ਵਿਚ ਫਰੀਦ ਜੀ ਨੇ ‘ਵਿਸੁ ਗੰਦਲਾ’ ਸ਼ਬਦ ‘ਮਾਇਕੀ ਪਦਾਰਥਾਂ’ ਵਾਸਤੇ ਵਰਤਿਆ ਹੈ। ਆਪਾਂ ਵੇਖਦੇ ਹਾਂ ਕਿ ਜਿਵੇਂ ਇਕ ਗੰਦਲ ਤੋੜਨ ਤੋਂ ਬਾਅਦ ਹੋਰ ਦੋ-ਚਾਰ ਨਵੀਆਂ ਗੰਦਲਾਂ ਫੁਟ ਪੈਂਦੀਆਂ ਹਨ, ਬਿਲਕੁਲ ਇਸੇ ਤਰ੍ਹਾਂ ਜਦੋਂ ਮਨੁਖ ਦੁਨੀਆਵੀ ਖਾਹਿਸ਼ਾ ਅਧੀਨ ਵਾਸ਼ਨਾਵਾਂ ਵਿਚ ਫਸ ਜਾਂਦਾ ਹੈ ਤਾਂ ਉਸ ਦੀ ਮਾਇਕੀ ਪਦਾਰਥਾਂ ਵਲ ਰੁਚੀ ਵਧ ਜਾਂਦੀ ਹੈ। ਇਹੋ ਜਿਹੇ ਮਨੁਖ ਦੀ ਇਕ ਇਛਾ ਪੂਰੀ ਹੋਣ ਦੀ ਦੇਰ ਹੁੰਦੀ ਹੈ ਕਿ ਥੋੜੇ ਸਮੇਂ ਬਾਅਦ ਉਸ ਦੇ ਮਨ ਵਿਚ ਹੋਰ ਪਦਾਰਥਾਂ ਨਾਲ ਸੰਬੰਧਤ ਇਛਾਵਾਂ ਜਨਮ ਲੈ ਲੈਂਦੀਆਂ ਹਨ। ਇਨ੍ਹਾਂ ਪਦਾਰਥਾਂ ਨਾਲ ਮਨੁਖ ਦਾ ਜੋ ਮੋਹ ਜੁੜ ਗਿਆ ਹੈ, ਉਸ ਨੂੰ ਹੀ ਬਾਬਾ ਫਰੀਦ ਨੇ ‘ਖੰਡੁ ਲਿਵਾੜਿ’ (ਖੰਡ ਲਾ ਕੇ ਰਖੀਆਂ ਗੰਦਲਾਂ) ਕਿਹਾ ਹੈ। ਮਾਇਕੀ ਪਦਾਰਥਾਂ ਦੇ ਮੋਹ ਵਿਚ ਫਸਿਆ ਹੋਇਆ ਮਨੁਖ ਇਨ੍ਹਾਂ ਵਿਚੋਂ ਵਕਤੀ ਤੌਰ ’ਤੇ ਪ੍ਰਾਪਤ ਹੋਣ ਵਾਲੇ ਸੁਖ ਨੂੰ ਤਾਂ ਵੇਖਦਾ ਹੈ ਪਰ ਇਨ੍ਹਾਂ ਕਾਰਣ ਅੱਗੇ ਜਾ ਕੇ ਜੀਵਨ ਅੰਦਰ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਵੱਲ ਇਸ ਦਾ ਧਿਆਨ ਨਹੀ ਜਾਂਦਾ।
ਬਾਬਾ ਫਰੀਦ ਜੀ ਸਮਝਾ ਰਹੇ ਹਨ ਕਿ ਸੰਸਾਰ ਦੇ ਵਿਸ਼ੇ-ਵਿਕਾਰ, ਵਾਸ਼ਨਾਵਾਂ, ਪਦਾਰਥਾਂ ਦੀ ਭੁੱਖ, ਵਧੀਆਂ ਹੋਈਆਂ ਇਛਾਵਾਂ ਅਸਲ ਵਿਚ ਜ਼ਹਿਰ ਹੀ ਹਨ। ਪਰ ਇਸ ਉਪਰ ਵਕਤੀ ਸੁਖ ਦੀ ਚੜ੍ਹੀ ਹੋਈ ਮਿਠਾਸ, ਮਨੁਖ ਨੂੰ ਇਹ ਪਤਾ ਹੀ ਨਹੀ ਲੱਗਣ ਦਿੰਦੀ ਕਿ ਕਦੋਂ ਉਸ ਦੇ ਜੀਵਨ ਵਿਚ ਜ਼ਹਿਰ ਘੁਲ ਜਾਂਦੀ ਹੈ। ਮਨੁਖ ਪਰਮਾਰਥ ਦੇ ਮਾਰਗ ਤੋਂ ਭਟਕ ਕੇ ਕੁਰਾਹੇ ਪੈ ਜਾਂਦਾ ਹੈ।
ਅਖੀਰ ਵਿਚ ਬਾਬਾ ਫਰੀਦ ਜੀ ਸਮਝਾਉਂਦੇ ਹਨ ਕਿ ਸੰਸਾਰ ਵੱਲ ਝਾਤੀ ਮਾਰ ਕੇ ਵੇਖੋ ਤਾਂ ਪਤਾ ਲੱਗੇਗਾ ਕਿ ਮਾਇਕੀ ਪਦਾਰਥਾਂ ਤਕ ਸੀਮਤ ਹੋਏ ਜੀਵਨ, ਪਦਾਰਥਾਂ ਨੂੰ ਭੋਗਦਿਆਂ-ਭੋਗਦਿਆਂ ਮੁੱਕ ਗਏ ਪਰ ਉਨ੍ਹਾਂ ਦੀ ਸੰਸਾਰ ਵੱਲੋਂ ਤ੍ਰਿਪਤੀ ਨਾ ਹੋਈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਲੋਕਾਂ ਨੇ ਨਹੀ, ਸਗੋਂ ਪਦਾਰਥਾਂ ਨੇ ਇਨ੍ਹਾਂ ਨੂੰ ਭੋਗਿਆ। ਪਦਾਰਥ ਮੌਜੂਦ ਹਨ ਪਰ ਭੋਗਣ ਵਾਲੇ ਚਲੇ ਗਏ। ਦੂਸਰੇ ਪਾਸੇ ਕੁਝ ਅਜਿਹੇ ਲੋਕ ਹਨ, ਜੋ ਇਹ ਸੋਚਦੇ ਹਨ ਕਿ ਸੰਸਾਰ, ਨਿਰੰਕਾਰ ਦੀ ਪ੍ਰਾਪਤੀ ਦੇ ਮਾਰਗ ਵਿਚ ਵੱਡੀ ਰੁਕਾਵਟ ਹੈ। ਇਸ ਕਾਰਣ ਇਨ੍ਹਾਂ ਨੇ ਸੰਸਾਰ ਦਾ ਹੀ ਤਿਆਗ ਕਰ ਦਿੱਤਾ ਅਤੇ ਸੰਨਿਆਸੀ ਬਣ ਕੇ ਜੰਗਲ-ਬੇਲਿਆਂ ਵੱਲ ਤੁਰ ਜਾਂਦੇ ਹਨ। ਫਰੀਦ ਜੀ ਸਪਸ਼ਟ ਦੱਸ ਰਹੇ ਹਨ ਕਿ ਅਸਲ ਵਿਚ ਸੰਸਾਰ ਦੇ ਭੋਗਾਂ ਤਕ ਸੀਮਤ ਹੋਣ ਵਾਲੇ ਅਤੇ ਸੰਸਾਰ ਦਾ ਤਿਆਗ ਕਰਨ ਵਾਲੇ ਦੋਨੋਂ ਹੀ ਆਪਣਾ ਜੀਵਨ ਅਜਾਈਂ ਗਵਾ ਰਹੇ ਹਨ। ਜੇਕਰ ਆਪਣੇ ਜੀਵਨ ਨੂੰ ਸਫਲਾ ਕਰਨਾ ਹੈ ਤਾਂ ਜਰੂਰੀ ਹੈ ਪ੍ਰਭੂ-ਪ੍ਰੇਮ ਵਿਚ, ਸਬਰ-ਸੰਤੋਖ ਨੂੰ ਧਾਰਨ ਕਰਦਿਆਂ ਹੋਇਆਂ ਜ਼ਿੰਦਗੀ ਬਤੀਤ ਕੀਤੀ ਜਾਵੇ। ਸਾਨੂੰ ਵੀ ਆਪਣੇ ਜੀਵਨ ਵੱਲ ਵੇਖਣਾ ਚਾਹੀਦਾ ਹੈ ਕਿ ਕਿਤੇ ਅਸੀਂ ਵੀ ਸੰਸਾਰ ਦੇ ਮੋਹ ਵਿਚ ਤਾਂ ਨਹੀ ਪਏ ਹੋਏ?