Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਬਿਰਹਾ ਬਿਰਹਾ ਆਖੀਐ   ਬਿਰਹਾ ਤੂ ਸੁਲਤਾਨੁ
ਫਰੀਦਾ  ਜਿਤੁ ਤਨਿ ਬਿਰਹੁ ਊਪਜੈ   ਸੋ ਤਨੁ ਜਾਣੁ ਮਸਾਨੁ ॥੩੬॥
-ਗੁਰੂ ਗ੍ਰੰਥ ਸਾਹਿਬ ੧੩੭੯

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਨੋਟ: ਅਰਬੀ ਵਿਚ ਫਰਕ ਦਾ ਅਰਥ ਵਿਛੋੜਾ ਹੈ ਤੇ ਵਿਛੋੜੇ ਦੇ ਅਹਿਸਾਸ ਨੂੰ ਫਿਰਾਕ ਕਿਹਾ ਜਾਂਦਾ ਹੈ। ਫਿਰਾਕ ਮਿਲਾਪ ਦੀ ਮੁਢਲੀ ਸ਼ਰਤ ਹੈ। ਕੋਈ ਵੀ ਮਨੁਖ ਬਹੁਤੇ ਲੋਕਾਂ ਤੋਂ ਹਮੇਸ਼ਾ ਫਰਕ ’ਤੇ ਰਹਿੰਦਾ ਹੈ। ਪਰ ਉਸ ਦੇ ਅੰਦਰ ਹਰ ਕਿਸੇ ਲਈ ਫਿਰਾਕ ਨਹੀਂ ਜਾਗਦਾ। ਫਿਰਾਕ ਉਥੇ ਹੀ ਜਾਗਦਾ ਹੈ, ਜਿਥੇ ਪਿਆਰ ਅਤੇ ਮਿਲਣ ਦੀ ਤਾਂਘ ਹੋਵੇ। ਕਿੰਨੇ ਲੋਕ ਆਉਂਦੇ ਹਨ ਤੇ ਚਲੇ ਜਾਂਦੇ ਹਨ। ਪਰ ਪਿਆਰੇ ਦਾ ਆਉਣਾ ਸੁਖਦਾਇਕ ਅਤੇ ਜਾਣਾ ਦੁਖਦਾਇਕ ਹੁੰਦਾ ਹੈ। ਇਸ ਲਈ ਫਿਰਾਕ ਪਿਆਰੇ ਦੇ ਵਿਛੋੜੇ ਦਾ ਅਹਿਸਾਸ ਹੈ। ਸੰਸਕ੍ਰਿਤ ਦਾ ਸ਼ਬਦ ਵਿਰਹ ਹੈ। ਵਿ ਦਾ ਅਰਥ ਬਿਨਾਂ ਤੇ ਰਹ ਦਾ ਅਰਥ ਰਹਿਣਾ ਹੈ। ਵਿਰਹ ਦਾ ਅਰਥ ਬਿਨਾਂ ਰਹਿਣਾ ਹੈ। ਵਿਰਹ ਸ਼ਬਦ ਪੰਜਾਬੀ ਵਿਚ ਬਿਰਹਾ ਹੋ ਗਿਆ ਹੈ ਤੇ ਇਸ ਦਾ ਅਰਥ ਵੀ ਅਰਬੀ ਦੇ ਫਿਰਾਕ ਵਾਲਾ ਹੀ ਹੈ। ਬਿਰਹਾ ਵੀ ਪਿਆਰੇ ਤੋਂ ਵਿਛੋੜੇ ਦਾ ਅਹਿਸਾਸ ਹੈ। ਇਹ ਅਹਿਸਾਸ ਪਿਆਰੇ ਦੇ ਮਿਲਾਪ ਦੀ ਮੁਢਲੀ ਸ਼ਰਤ ਹੈ। ਜਿਸ ਦੇ ਅੰਦਰ ਬਿਰਹਾ ਜਾਂ ਫਿਰਾਕ ਨਾ ਹੋਵੇ, ਸਮਝੋ ਉਸ ਦੇ ਅੰਦਰ ਕਿਸੇ ਲਈ ਵੀ ਪਿਆਰ ਨਹੀਂ ਹੈ ਤੇ ਜਿਸ ਦੇ ਅੰਦਰ ਪਿਆਰ ਨਹੀਂ, ਉਹ ਜੀਵਤ ਨਹੀਂ, ਬਲਕਿ ਮਿਰਤਕ ਹੀ ਸਮਝੋ। ਪਰ ਇਹ ਬਿਰਹਾ ਬੜਾ ਹੀ ਤਾਕਤਵਰ ਅਹਿਸਾਸ ਹੈ। ਏਨਾ ਤਾਕਤਵਰ ਕਿ ਜਿਸ ਦੇ ਅੰਦਰ ਇਹ ਅਹਿਸਾਸ ਪੈਦਾ ਹੋ ਜਾਵੇ, ਉਸ ਉੱਤੇ ਫਿਰ ਇਸੇ ਅਹਿਸਾਸ ਦਾ ਰਾਜ ਚੱਲਣਾ ਹੈ।

ਇਸ ਲਈ ਹੀ ਬਾਬਾ ਫਰੀਦ ਨੇ ਇਸ ਸਲੋਕ ਵਿਚ ਦੱਸਿਆ ਹੈ ਕਿ ਲੋਕ ਅਕਸਰ ਬਿਰਹਾ ਦੀਆਂ ਗੱਲਾਂ ਕਰਦੇ ਰਹਿੰਦੇ ਹਨ। ਪਰ ਇਸ ਦਾ ਅਹਿਸਾਸ ਕਿਸੇ ਵਿਰਲੇ ਨੂੰ ਹੀ ਹੁੰਦਾ ਹੈ। ਇਸੇ ਲਈ ਇਸ ਦੀ ਤਾਕਤ ਵੀ ਕੋਈ ਵਿਰਲਾ ਹੀ ਜਾਣਦਾ ਹੈ। ਅਸਲ ਵਿਚ ਬਿਰਹਾ ਪ੍ਰਭੂ-ਪ੍ਰੀਤਮ ਨਾਲ ਮਿਲਾਪ ਦੇ ਸਾਰੇ ਸਾਧਨਾਂ ਵਿਚੋਂ ਪ੍ਰਮੁੱਖ ਹੈ। ਜਿਸ ਮਨੁਖ ਦੇ ਅੰਦਰ ਪ੍ਰਭੂ-ਪ੍ਰੀਤਮ ਨੂੰ ਮਿਲਣ ਦੀ ਚਾਹ ਪੈਦਾ ਹੁੰਦੀ ਹੈ, ਜੋ ਆਪਣੇ ਮੂਲ ਪ੍ਰਭੂ-ਪ੍ਰੀਤਮ ਨਾਲੋਂ ਵਿਛੜਿਆ ਮਹਿਸੂਸ ਕਰਦਾ ਹੈ। ਉਸ ਅੰਦਰ ਵਿਛੋੜੇ ਦਾ ਅਹਿਸਾਸ ਘਰ ਕਰ ਜਾਂਦਾ ਹੈ। ਇਸ ਕਾਰਣ ਉਸ ਦਾ ਜੀਵਨ ਵਿਛੋੜੇ ਤੋਂ ਮਿਲਾਪ ਵੱਲ ਦੀ ਯਾਤਰਾ ਨੂੰ ਤੁਰ ਪੈਂਦਾ ਹੈ।

ਅਗਲੀ ਤੁਕ ਵਿਚ ਬਾਬਾ ਫਰੀਦ ਜੀ ਪ੍ਰਭੂ ਦੇ ਵਿਛੋੜੇ ਦੇ ਅਹਿਸਾਸ ਤੋਂ ਸੱਖਣਿਆ ਨੂੰ ਨਿਹੋਰਾ ਮਾਰਦੇ ਹਨ ਕਿ ਜਿਨ੍ਹਾਂ ਦੇ ਦਿਲ ਵਿਚ ਪ੍ਰਭੂ ਨੂੰ ਮਿਲਣ ਦੀ ਚਾਹ ਪੈਦਾ ਨਹੀਂ ਹੁੰਦੀ ਜਾਂ ਜਿਨ੍ਹਾਂ ਦੇ ਦਿਲ ਵਿਚ ਪਿਆਰੇ ਦੀ ਖਿੱਚ੍ਹ ਨਹੀਂ ਪੈਦਾ ਹੁੰਦੀ, ਉਹ ਦਿਲ ਮਰੇ ਹੋਏ ਹੁੰਦੇ ਹਨ ਤੇ ਅਜਿਹੇ ਮੁਰਦੇ ਦਿਲਾਂ ਦੇ ਜਿਸਮ ਨਿਰੀਆਂ ਕਬਰਾਂ ਹੀ ਹੁੰਦੇ ਹਨ। ਕਬਰਾਂ ਵਿਚ ਮਰੇ ਹੋਏ ਜਿਸਮ ਦੱਬੇ ਹੋਏ ਹੁੰਦੇ ਹਨ ਤੇ ਪਿਆਰ ਵਿਹੂਣੇ ਜਿਸਮਾਂ ਵਿਚ ਮਰੇ ਹੋਏ ਦਿਲ ਦੱਬੇ ਹੁੰਦੇ ਹਨ।
Tags