Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਜੋਬਨ ਜਾਂਦੇ ਨਾ ਡਰਾਂ   ਜੇ ਸਹ ਪ੍ਰੀਤਿ ਜਾਇ
ਫਰੀਦਾ  ਕਿਤਂੀ ਜੋਬਨ ਪ੍ਰੀਤਿ ਬਿਨ   ਸੁਕਿ ਗਏ ਕੁਮਲਾਇ ॥੩੪॥
-ਗੁਰੂ ਗ੍ਰੰਥ ਸਾਹਿਬ ੧੩੭੯

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਹੀ ਜੋ ਅਸੀਂ ਵੇਖ ਰਹੇ ਹਾਂ, ਇਹ ਨਾਸ਼ਵਾਨ ਹਨ। ਇਨ੍ਹਾਂ ਨੇ ਇਕ ਨ ਇਕ ਦਿਨ ਪੱਕਾ ਟੁਟਣਾ, ਭੱਜਣਾ ਅਤੇ ਖਤਮ ਹੋ ਜਾਣਾ ਹੈ। ਮਨੁਖੀ ਜੀਵਨ ਨੂੰ ਆਮ ਤੌਰ ਤੇ ਤਿੰਨ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ- ਬਚਪਨ, ਜਵਾਨੀ, ਬੁਢਾਪਾ। ਇਨ੍ਹਾਂ ਤਿੰਨਾਂ ਪੜਾਵਾਂ ਵਿਚੋਂ ਮਨੁਖ ਨੂੰ ਜਵਾਨੀ ਨਾਲ ਬਹੁਤ ਸਨੇਹ ਹੈ। ਪੰਜਾਬੀ ਸੱਭਿਆਚਾਰ ਵਿਚ ਆਸੀਸ ਵੀ ਦਿੱਤੀ ਜਾਂਦੀ ਹੈ- ਜਵਾਨੀਆਂ ਮਾਣੇ। ਬੱਚੇ ਵਿਚ ਕਾਹਲ ਹੈ, ਜਵਾਨ ਹੋਣ ਦੀ, ਬੁਢਾਪੇ ਵਿਚ ਚਾਰਾਜੋਈ ਹੈ, ਜਵਾਨੀ ਨੂੰ ਰੋਕ ਕੇ ਰੱਖਣ ਦੀ।

ਇਸ ਸਲੋਕ ਅੰਦਰ ਬਾਬਾ ਫਰੀਦ ਜੀ ਆਖਦੇ ਹਨ ਕਿ ਮੇਰੀ ਜਵਾਨੀ ਅਤੇ ਸੁਹੱਪਣ ਜੇ ਜਾਂਦੇ ਹਨ ਤਾਂ ਚਲੇ ਜਾਣ, ਮੈਨੂੰ ਕੋਈ ਡਰ ਨਹੀ ਹੈ। ਇਹ ਸਦੀਵੀ ਰਹਿਣ ਵਾਲੀਆਂ ਚੀਜ਼ਾਂ ਹੀ ਨਹੀ ਹਨ। ਮੇਰੀ ਤਾਂ ਬਸ ਇਕੋ ਇਕ ਹੀ ਇੱਛਾ ਹੈ ਕਿ ਪਿਆਰੇ ਪ੍ਰਭੂ ਪਤੀ ਨਾਲ ਮੇਰਾ ਪ੍ਰੇਮ ਕਿਸੇ ਵੀ ਸੂਰਤ ਵਿਚ ਨਾ ਘਟੇ ਅਤੇ ਨ ਹੀ ਟੁੱਟੇ। ਤਨ ਬੁੱਢੇ ਹੋ ਸਕਦੇ ਹਨ, ਪਰ ਪ੍ਰੇਮ ਸਮੇਂ ਦੇ ਚੱਕਰ ਤੋਂ ਪਾਰ ਹੈ, ਉਹ ਹਮੇਸ਼ਾ ਜਵਾਨ ਰਹਿੰਦਾ ਹੈ।

ਜਿੰਨਾਂ ਅੰਦਰ ਰੱਬੀ ਪਿਆਰ ਦੀ ਚਿਣਗ ਬਲ ਉਠਦੀ ਹੈ, ਉਨ੍ਹਾਂ ਵਿਚੋਂ ਦੇਹੀ ਦੇ ਬੁੱਢੇ ਹੋਣ ਦਾ ਡਰ ਖਤਮ ਹੋ ਜਾਂਦਾ ਹੈ। ਗੁਰੂ ਅਮਰਦਾਸ ਸਾਹਿਬ ਵੀ ਦੱਸਦੇ ਹਨ ਕਿ ਰੱਬੀ ਪ੍ਰੇਮ ਵਿਚ ਰੰਗੇ ਹੋਇਆਂ ਦੀ ਸੁਰਤ ਵਿਚ ਪ੍ਰਗਟ ਹੋਇਆ ਗੁਰ-ਸ਼ਬਦ ਦਾ ਗਿਆਨ, ਉਨ੍ਹਾਂ ਨੂੰ ਸਰੀਰ ਉਪਰ ਪੈ ਰਹੇ ਸਮੇਂ ਦੇ ਪ੍ਰਭਾਵ ਤੋਂ ਮੁਕਤ ਕਰ ਦਿੰਦਾ ਹੈ: ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ ਅੰਤਰਿ ਸੁਰਤਿ ਗਿਆਨੁ॥

ਦੂਜੇ ਪਾਸੇ ਬਾਬਾ ਫਰੀਦ ਜੀ ਆਖਦੇ ਹਨ ਕਿ ਮੈਂ ਇਹੋ-ਜਿਹੀਆਂ ਬਹੁਤ ਜਵਾਨੀਆਂ ਵੇਖੀਆਂ ਹਨ, ਜੋ ਪ੍ਰਭੂ ਪ੍ਰੇਮ ਤੋਂ ਬਿਨਾਂ ਵਿਸ਼ੇ-ਵਿਕਾਰ ਵਿਚ ਜਿਥੇ ਆਪਣਾ ਸੁਹੱਪਣ ਗਵਾ ਬੈਠੀਆਂ, ਉਥੇ ਹੀ ਔਗੁਣਾਂ ਦੀ ਤਪਸ਼ ਨਾਲ ਕਮਲਾ ਕੇ ਸੁੱਕ ਗਈਆਂ। ਇਨ੍ਹਾਂ ਲੋਕਾਂ ਦਾ ਜੋਬਨ ਸੰਸਾਰੀ ਮੋਹ ਵਿਚ ਪਏ ਹੋਣ ਕਾਰਣ ਹਮੇਸ਼ਾ ਸੰਸਿਆਂ, ਫਿਕਰਾਂ, ਝੋਰਿਆਂ ਵਿਚ ਲੰਘਿਆ। ਹਕੀਕਤ ਵਿਚ ਇਹੋ ਜਿਹੇ ਸੱਜਣ ਨਾਮ ਤੋਂ ਸੱਖਣੇ ਰਹਿਣ ਕਾਰਣ ਆਪਣੇ ਹਥੀਂ ਆਪਣਾ ਸਤਿਆਨਾਸ ਕਰ ਲੈਂਦੇ ਹਨ।

ਇਸ ਲਈ ਬਾਬਾ ਜੀ ਸਮਝਾ ਰਹੇ ਹਨ ਕਿ ਹੇ ਭਲੇ ਪੁਰਸ਼ੋ! ਅਜੇ ਵੀ ਵੇਲਾ ਸੰਭਾਲ ਲਵੋ ਅਤੇ ਰੱਬੀ ਪ੍ਰੇਮ ਨੂੰ ਧਾਰਨ ਕਰਕੇ , ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਚਾਹੀਦਾ ਹੈ।

Tags