Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਨਾਤੀ ਧੋਤੀ ਸੰਬਹੀ   ਸੁਤੀ ਆਇ ਨਚਿੰਦੁ
ਫਰੀਦਾ  ਰਹੀ ਸੁ ਬੇੜੀ ਹਿੰਙੁ ਦੀ   ਗਈ ਕਥੂਰੀ ਗੰਧੁ ॥੩੩॥  
-ਗੁਰੂ ਗ੍ਰੰਥ ਸਾਹਿਬ ੧੩੭੯

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਬਾਬਾ ਫਰੀਦ ਨੇ ਆਪਣੇ ਇਸ ਸਲੋਕ ਵਿਚ ਖੁਸ਼ਬੂਦਾਰ ਕਸਤੂਰੀ ਅਤੇ ਤੇਜ ਗੰਧ ਵਾਲੀ ਹਿੰਗ ਦਾ ਜਿਕਰ ਕੀਤਾ ਹੈ। ਹਿੰਗ ਦੀ ਵਰਤੋਂ ਸਿਰਫ ਖਾਣੇ ਵਿਚ ਹੀ ਨਹੀਂ, ਇਤਰ ਬਣਾਉਣ ਵਿਚ ਵੀ ਕੀਤੀ ਜਾਂਦੀ ਹੈ। ਨਿਰੀ ਕਸਤੂਰੀ ਤੋਂ ਬਣਿਆ ਇਤਰ ਜਲਦੀ ਉਡ-ਪੁਡ ਜਾਂਦਾ ਹੈ, ਪਰ ਜਦੋਂ ਇਸ ਵਿਚ ਥੋੜੀ ਹਿੰਗ ਮਿਲਾ ਦਿੱਤੀ ਜਾਵੇ ਤਾਂ ਇਹ ਹਿੰਗ ਉਸ ਦੀ ਮਹਿਕ ਨੂੰ ਲੰਮੇ ਸਮੇਂ ਤਕ ਕਾਇਮ ਰਖਦੀ ਹੈ। ਹਾਲਾਂਕਿ ਹਿੰਗ ਦੀ ਆਪਣੀ ਮਹਿਕ ਤਿਖੀ ਅਤੇ ਅਸਹਿਣਸ਼ੀਲ ਹੁੰਦੀ ਹੈ, ਪਰ ਜਦੋਂ ਇਹ ਕਸਤੂਰੀ ਨਾਲ ਮਿਲਦੀ ਹੈ ਤਾਂ ਇਸ ਦੀ ਮਹਿਕ ਨੂੰ ਰੂਹ ਤਕ ਪਹੁੰਚਾ ਦਿੰਦੀ ਹੈ। ਹਿੰਗ ਦੇ ਬਿਨਾਂ ਕਸਤੂਰੀ ਦੀ ਮਹਿਕ ਸਤਹੀ ਤੇ ਥੋੜ੍ਹੀ ਦੇਰ ਤਕ ਹੀ ਰਹਿੰਦੀ ਹੈ ਤੇ ਕਸਤੂਰੀ ਤੋਂ ਬਿਨਾਂ ਹਿੰਗ ਦੀ ਗੰਧ ਸਹਿਣਜੋਗ ਨਹੀਂ ਹੁੰਦੀ।

ਇਸ ਸਲੋਕ ਵਿਚ ਬਾਬਾ ਫਰੀਦ ਜੀ ਕਸਤੂਰੀ ਤੇ ਹਿੰਗ ਦੇ ਹਵਾਲੇ ਨਾਲ ਅਜਿਹੀ ਇਸਤਰੀ ਦੀ ਗੱਲ ਕਰ ਰਹੇ ਹਨ ਜੋ ਪਤੀ ਦੇ ਮਿਲਾਪ ਦੀ ਆਸ ਵਿਚ ਨਹਾ-ਧੋ ਕੇ, ਸਜ-ਸਵਰ ਕੇ ਤਿਆਰ ਹੋਈ, ਪਰ ਫਿਰ ਆਪਣੇ ਅਵੇਸਲੇਪਣ ਕਾਰਣ ਮਿਲਾਪ ਤੋਂ ਬਿਨਾਂ ਹੀ ਸੌਂ ਗਈ। ਜਦੋਂ ਉਹ ਨੀਂਦ ਤੋਂ ਜਾਗੀ ਤਾਂ ਉਸ ਦੇ ਸਰੀਰ ਤੋਂ ਕਸਤੂਰੀ ਦੀ ਸੁਗੰਧ ਉੱਡ ਚੁੱਕੀ ਸੀ। ਸਿਰਫ ਹਿੰਗ ਦੀ ਤਿਖੀ ਤੇ ਅਸਹਿਣਸ਼ੀਲ ਗੰਧ ਹੀ ਬਾਕੀ ਰਹਿ ਗਈ ਸੀ।

ਬਾਬਾ ਫਰੀਦ ਜੀ ਇਥੇ ਹਿੰਗ ਅਤੇ ਕਸਤੂਰੀ ਦੇ ਪ੍ਰਤੀਕਾਂ ਰਾਹੀਂ ਇਹ ਸਮਝਾਉਂਦੇ ਹਨ ਕਿ ਜੇਕਰ ਕਿਸੇ ਇਸਤਰੀ ਦੇ ਅੰਦਰ ਪਤੀ ਮਿਲਾਪ ਲਈ ਸੱਚੀ ਤਾਂਘ ਹੀ ਨਹੀਂ ਜਾਗੀ, ਤਾਂ ਉਸ ਦਾ ਸਜਣਾ-ਸੰਵਰਨਾ ਕਸਤੂਰੀ ਦੀ ਮਹਿਕ ਵਾਂਗ ਅਨੰਦਦਾਇਕ ਨਹੀਂ ਬਣ ਸਕਦਾ। ਸਰੀਰਕ ਸਾਜ-ਸਜਾਵਟ ਫਿਰ ਉਸੇ ਤਰ੍ਹਾਂ ਬੇਅਰਥ ਹੋ ਜਾਂਦੀ ਹੈ ਜਿਵੇਂ ਕਸਤੂਰੀ ਦੀ ਮਹਿਕ ਉੱਡ ਜਾਣ ’ਤੇ ਸਿਰਫ ਹਿੰਗ ਦੀ ਦੁਰਗੰਧ ਰਹਿ ਜਾਂਦੀ ਹੈ।

ਪਤੀ ਮਿਲਾਪ ਵਿਹੂਣੀ ਇਸਤਰੀ ਦਾ ਸਰੀਰ ਉਸ ਹਿੰਗ ਵਰਗਾ ਹੋ ਜਾਂਦਾ ਹੈ ਜੋ ਸਿਰਫ ਨਿਕੰਮੀ ਗੰਧ ਛੱਡਦੀ ਹੈ। ਜੇਕਰ ਉਸ ਦੇ ਅੰਦਰ ਪਤੀ ਮਿਲਾਪ ਦੀ ਤਾਂਘ ਹੁੰਦੀ, ਤਾਂ ਉਸ ਦਾ ਇਹ ਸਜਣਾ-ਸੰਵਰਨਾ ਕਸਤੂਰੀ ਦੀ ਸੁਗੰਧ ਵਰਗੇ ਅਨੰਦ ਦਾ ਸਰੋਤ ਬਣ ਸਕਦਾ ਸੀ।

ਪ੍ਰਤੀਕਾਤਮਕ ਕਥਨਾਂ ਰਾਹੀਂ ਇਥੇ ਇਹ ਭਾਵ ਉਜਾਗਰ ਕੀਤਾ ਗਿਆ ਹੈ ਕਿ ਪ੍ਰਭੂ-ਮਿਲਾਪ ਦੀ ਆਸ ਤੇ ਉਦੇਸ਼ ਵਾਲਾ ਜਿਹੜਾ ਜਗਿਆਸੂ ਧਾਰਮਕ ਭੇਖ ਤਾਂ ਧਾਰ ਲੈਂਦਾ ਹੈ, ਤੀਰਥ ਇਸ਼ਨਾਨ ਆਦਿ ਕਰਮ ਵੀ ਕਰ ਲੈਂਦਾ ਹੈ, ਪਰ ਪ੍ਰਭੂ ਦੀ ਯਾਦ ਅਤੇ ਪ੍ਰੇਮ ਵੱਲੋਂ ਅਚੇਤ ਤੇ ਅਵੇਸਲਾ ਰਹਿਣ ਕਾਰਣ ਉਸ ਦੀ ਇਹ ਤਾਂਘ ਅਧੂਰੀ ਰਹਿ ਜਾਂਦੀ ਹੈ। ਉਸ ਦੀ ਸਾਧਨਾ ਸਿਰਫ ਵਿਖਾਵੇ ਤਕ ਸੀਮਤ ਰਹਿ ਜਾਂਦੀ ਹੈ। ਇਸ ਤਰ੍ਹਾਂ ਦੀ ਅਣਗਹਿਲੀ ਕਾਰਣ ਉਹ ਪ੍ਰਭੂ-ਮਿਲਾਪ ਦੇ ਅਸਲ ਅਨੰਦ ਨੂੰ ਮਾਨਣ ਤੋਂ ਵਾਂਝਾ ਰਹਿ ਜਾਂਦਾ ਹੈ।
Tags