Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਸਾਹੁਰੈ ਢੋਈ ਨਾ ਲਹੈ   ਪੇਈਐ ਨਾਹੀ ਥਾਉ
ਪਿਰੁ ਵਾਤੜੀ ਪੁਛਈ   ਧਨ ਸੋਹਾਗਣਿ ਨਾਉ ॥੩੧॥
-ਗੁਰੂ ਗ੍ਰੰਥ ਸਾਹਿਬ ੧੩੭੯

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਅਜਿਹੀ ਇਸਤਰੀ ਬਾਰੇ ਦੱਸ ਰਹੇ ਹਨ ਜਿਸ ਇਸਤਰੀ ਦਾ ਪਿਆਰਾ ਪਤੀ ਉਸ ਦੀ ਭੋਰਾ ਭਰ ਵੀ ਪ੍ਰਵਾਹ ਨਹੀਂ ਕਰਦਾ ਜਾਂ ਉਸ ਦੇ ਨਾਲ ਕੋਈ ਰਿਸ਼ਤਾ ਨਹੀਂ ਰਖਦਾ ਪਰ ਉਹ ਇਸਤਰੀ ਆਪਣੇ ਆਪ ਨੂੰ ਵਿਆਹੀ ਹੋਈ ਦੱਸਦੀ ਹੈ। ਅਜਿਹੀ ਇਸਤਰੀ ਨੂੰ ਨਾ ਸਹੁਰੇ-ਘਰ ਵਿਚ ਰਖ ਕੇ ਕੋਈ ਖੁਸ਼ ਹੁੰਦਾ ਹੈ ਤੇ ਨਾ ਹੀ ਪੇਕੇ ਘਰ ਉਸ ਨੂੰ ਕੋਈ ਰਹਿਣ ਲਈ ਥਾਂ ਦਿੰਦਾ ਹੈ। ਉਸ ਦੀ ਹਰ ਥਾਂ ਹੀ ਬੇਕਦਰੀ ਹੁੰਦੀ ਹੈ।

ਇਹ ਗੱਲ ਅਸਲ ਵਿਚ ਮਨੁਖ ਦੇ ਰੱਬ ਨਾਲ ਰਿਸ਼ਤੇ ਬਾਰੇ ਹੈ। ਜਿਹੜੇ ਲੋਕ ਰੱਬ ਦੀ ਬੰਦਗੀ ਕਰਦੇ ਹੀ ਨਹੀ ਅਤੇ ਜੇ ਕਰਦੇ ਹਨ ਤਾਂ ਕੇਵਲ ਦਿਖਾਵੇ ਮਾਤਰ, ਅਜਿਹੇ ਮਨੁਖਾਂ ਨੂੰ ਦੋਹਾਂ ਜਹਾਨਾਂ ਵਿਚ ਢੋਈ ਨਹੀ ਮਿਲੇਗੀ, ਭਾਵ ਕਿ ਉਹ ਆਪਣਾ ਲੋਕ-ਪਰਲੋਕ ਗਵਾ ਬੈਠਣਗੇ। ਉਨ੍ਹਾਂ ਨੂੰ ਦੋਹੀਂ ਥਾਈਂ ਦੁਖ ਸਹਾਰਨੇ ਪੈਣਗੇ। ਦਿਖਾਵੇ ਦੇ ਧਾਰਮਕ ਕੰਮਾਂ ਕਰਕੇ ਉਹ ਭਗਤ ਤਾਂ ਅਖਵਾ ਸਕਦਾ ਹਨ ਪਰ ਪ੍ਰਭੂ ਦੀ ਖੁਸ਼ੀ ਦਾ ਪਾਤਰ ਨਹੀ ਬਣ ਸਕਣਗੇ। ਦਰਅਸਲ ਬਾਬਾ ਫਰੀਦ ਜੀ ਸੇਧ ਦੇ ਰਹੇ ਹਨ ਕਿ ਭਾਈ ਤੁਸੀਂ ਭਜਨ ਬੰਦਗੀ ਕਰੋ, ਪਰ ਦਿਖਾਵੇ ਦੀ ਨਹੀ। ਤੁਸੀਂ ਸੱਚੇ ਦਿਲ ਨਾਲ ਨਾਮ ਜਪੋਗੇ ਤਾਂ ਹੀ ਪ੍ਰਭੂ ਦੀ ਦਰਗਾਹ ਵਿਚ ਮਾਣ ਤੇ ਇਜ਼ਤ ਮਿਲੇਗੀ ਤੇ ਉਹ ਪ੍ਰਭੂ ਹਰ ਥਾਂ ਉੱਤੇ ਆਪ ਸਹਾਈ ਹੋਵੇਗਾ। ਜੇ ਇਹ ਮੌਕਾ ਖੁੰਝਾ ਲਿਆ ਤਾਂ ਵਰਤਮਾਨ ਤੇ ਭਵਿੱਖ ਵਿਚ ਦੁਖਾਂ ਦੀਆਂ ਸੂਲਾਂ ਦੀ ਸੇਜ ਤਿਆਰ ਹੈ।
Tags