Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਰੁਖੀ ਸੁਖੀ ਖਾਇ ਕੈ   ਠੰਢਾ ਪਾਣੀ ਪੀਉ
ਫਰੀਦਾ  ਦੇਖਿ ਪਰਾਈ ਚੋਪੜੀ   ਨਾ ਤਰਸਾਏ ਜੀਉ ॥੨੯॥
-ਗੁਰੂ ਗ੍ਰੰਥ ਸਾਹਿਬ ੧੩੭੯

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪਿਛਲੇ ਸਲੋਕ ਵਿਚਲੇ ਭਾਵ ਨੂੰ ਹੀ ਬਾਬਾ ਫਰੀਦ ਜੀ ਇਸ ਸਲੋਕ ਵਿਚ ਵੀ ਅੱਗੇ ਵਧਾ ਰਹੇ ਹਨ। ਮਨੁਖ ਦਾ ਮਨ ਚੰਚਲ ਹੋਣ ਕਾਰਨ ਬਹੁਤ ਜਲਦੀ ਫਿਸਲਦਾ ਹੈ। ਇਥੇ ਇਹ ਗੱਲ ਸਪੱਸ਼ਟ ਕੀਤੀ ਗਈ ਹੈ ਕਿ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿਚੋਂ ਚਾਹੇ ਰੁੱਖੀ-ਸੁੱਖੀ ਹੀ ਰੋਟੀ ਪ੍ਰਾਪਤ ਹੋਵੇ, ਉਹ ਖਾਣੀ ਬਿਹਤਰ ਹੈ। ਦੂਜੇ ਦੇ ਪੱਕੇ ਮਹਿਲ ਮੁਨਾਰੇ ਵੇਖ ਕੇ ਆਪਣੀ ਕੱਚੀ ਕੁੱਲੀ ਨੂੰ ਢਾਹੁਣ ਬਾਰੇ ਸੋਚਣਾ ਕੋਈ ਸਿਆਣਪ ਵਾਲੀ ਗੱਲ ਨਹੀ ਹੈ। ਦੂਜਿਆਂ ਦੇ ਪਦਾਰਥਾਂ ਨੂੰ ਵੇਖ ਕੇ ਜੋ ਲੋਕ ਆਪਣਾ ਮਨ ਲਲਚਾਉਂਦੇ ਹਨ, ਕਿਤੇ ਨ ਕਿਤੇ ਫਿਰ ਉਹ ਇਨ੍ਹਾਂ ਪਦਾਰਥਾਂ ਵਾਸਤੇ ਗਲਤ ਮਾਰਗ ਵੀ ਚੁਣ ਲੈਂਦੇ ਹਨ। ਗੁਰੂ ਅਮਰਦਾਸ ਜੀ ਦਸਦੇ ਹਨ ਕੇ ਧਨ ਪਦਾਰਥਾਂ ਮਗਰ ਬਹੁਤ ਦੁਨੀਆ ਖਵਾਰ ਹੋਈ ਹੈ, ਪਰ ਇਹ ਪਾਪ ਕਰ ਕਰ ਇਕੱਤਰ ਕੀਤੀ ਮਾਇਆ ਕਿਸੇ ਦੀ ਮਿਤ ਨਹੀ ਹੋਈ:

ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ॥
ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥

ਇਹ ਦੁਨਿਆਵੀ ਪਦਾਰਥਾਂ ਦੀ ਭੁਖ ਅਸੀਮ ਹੈ, ਇਹ ਮੁੱਕਣ ਤੇ ਨਹੀ ਆਉਂਦੀ। ਗੁਰੂ ਨਾਨਕ ਸਾਹਿਬ ਤਾਂ ਇਥੋਂ ਤਕ ਆਖਦੇ ਹਨ ਕਿ ਕੁੱਲ ਦੁਨੀਆ ਦੇ ਪਦਾਰਥ ਵੀ ਇਹੋ ਜਿਹੇ ਲਾਲਚੀ ਮਨੁਖ ਨੂੰ ਦੇ ਦਿੱਤੇ ਜਾਣ ਤਾਂ ਵੀ ਉਹ ਸੰਤੁਸ਼ਟ ਨਹੀ ਹੁੰਦਾ:

ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥

ਇਸ ਲਈ ਬਾਬਾ ਫਰੀਦ ਜੀ ਇਸ ਸਲੋਕ ਦੇ ਜਰੀਏ ਉਪਦੇਸ਼ ਦੇ ਰਹੇ ਹਨ ਕਿ ਸਬਰ ਕਰਨਾ ਚੰਗਾ ਹੁੰਦਾ ਹੈ। ਮਨ ਨੂੰ ਲਾਲਚ ਅਤੇ ਤ੍ਰਿਸ਼ਨਾ ਵਲੋਂ ਮੋੜ ਕੇ ਸੰਤੋਖ ਦਾ ਧਾਰਣੀ ਬਣਾਉਣਾ ਚਾਹੀਦਾ ਹੈ। ਸਾਦਗੀ ਭਰਪੂਰ, ਹੇਰ-ਫੇਰ ਮੁਕਤ, ਸੱਚ ਅਧਾਰਿਤ ਜੀਵਨ ਹੀ ਜੀਣਾ ਚਾਹੀਦਾ ਹੈ। ਇਸ ਸੰਸਾਰ ਅੰਦਰ ਬੀਜੇ ਹੋਏ ਸਬਰ ਦੇ ਬੀਜ ਇਥੇ ਹੀ ਨਹੀ ਅਗਲੀ ਦੁਨੀਆ ਵਿਚ ਸੁਖਮਈ ਫਲ ਦੇਣਗੇ।
Tags