ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ ॥
ਬੰਨੑਿ ਉਠਾਈ ਪੋਟਲੀ ਕਿਥੈ ਵੰਞਾ ਘਤਿ ॥੨॥
-ਗੁਰੂ ਗ੍ਰੰਥ ਸਾਹਿਬ ੧੩੭੭-੧੩੭੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਆਪਣੇ-ਆਪ ਨੂੰ ਮੁਖਾਤਬ ਹੋ ਕੇ ਆਖਦੇ ਹਨ ਕਿ ਰੱਬ ਦੀ ਫਕੀਰੀ ਵਾਲਾ ਰਾਹ ਬਹੁਤ ਔਖਾ ਹੈ। ਹੈ। ਜਿਥੇ ਦੁਨੀਆਦਾਰ ਨੂੰ ਕੋਈ ਪਰਹੇਜ਼ ਨਹੀਂ ਕਰਨਾ ਪੈਂਦਾ, ਉਥੇ ਹੀ ਦਰਵੇਸ਼ ਨੂੰ ਬੜੇ ਸਖਤ ਪਰਹੇਜ਼ ਕਰਨੇ ਪੈਂਦੇ ਹਨ। ਮਾਇਆ ਦੇ ਪਸਾਰੇ ਵਿਚ ਰਹਿ ਕੇ, ਮਾਇਆ ਤੋਂ ਨਿਰਲੇਪ ਰਹਿਣਾ ਸੌਖਾ ਕਾਰਜ ਨਹੀ ਹੈ। ਗੱਲ ਨੂੰ ਅੱਗੇ ਤੋਰਦਿਆਂ ਆਖਦੇ ਹਨ ਕਿ ਮੇਰਾ ਆਚਾਰ-ਵਿਹਾਰ ਵੀ ਦੁਨੀਆਦਾਰਾਂ ਵਾਲਾ ਹੀ ਹੈ।
ਦਰਵੇਸ਼ੀ ਦੇ ਰਾਹ ਉੱਤੇ ਟੁਰਨ ਵਾਸਤੇ ਇਹ ਦੁਨੀਆਦਾਰੀ ਦੀ ਪੋਟਲੀ ਛੱਡਣੀ ਹੀ ਪੈਂਦੀ ਹੈ। ਫਰੀਦ ਜੀ ਅੱਗੇ ਫਿਰ ਆਖਦੇ ਹਨ ਕਿ ਹੁਣ ਮੈਨੂੰ ਇਸ ਗੱਲ ਦੀ ਸਮਝ ਨਹੀਂ ਪੈ ਰਹੀ ਕਿ ਜਿਸ ਸੰਸਾਰੀ ਮੋਹ ਦਾ ਭਾਰ ਮੈਂ ਚੁੱਕੀ ਫਿਰਦਾ ਹਾਂ, ਇਸ ਤੋਂ ਆਪਣੇ-ਆਪ ਨੂੰ ਕਿਵੇਂ ਮੁਕਤ ਕਰਾਂ? ਸਿੱਖਿਆ ਇਹੋ ਹੈ ਕਿ ਮਨੁਖੀ ਜੀਵਨ ਦੀ ਸਫਲਤਾ ਲਈ ਜਰੂਰੀ ਹੈ ਦੁਨਿਆਵੀ ਪਦਾਰਥਾਂ ਦਾ ਮੋਹ ਛੱਡ ਕੇ ਫਕੀਰਾਂ ਵਾਂਗ ਪ੍ਰਹੇਜ਼ਗਾਰੀ ਰਖਦਿਆਂ ਜ਼ਿੰਦਗੀ ਬਤੀਤ ਕੀਤੀ ਜਾਵੇ।