Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ  ਰੋਟੀ ਮੇਰੀ ਕਾਠ ਕੀ   ਲਾਵਣੁ ਮੇਰੀ ਭੁਖ
ਜਿਨਾ ਖਾਧੀ ਚੋਪੜੀ   ਘਣੇ ਸਹਨਿਗੇ ਦੁਖ ॥੨੮॥
-ਗੁਰੂ ਗ੍ਰੰਥ ਸਾਹਿਬ ੧੩੭੯

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਬਾਬਾ ਫਰੀਦ ਜੀ ਨੇ ਆਪਣੇ ਇਸ ਸਲੋਕ ਵਿਚ ‘ਕਾਠ’ ਸ਼ਬਦ ਦੀ ਵਰਤੋਂ ਪ੍ਰਤੀਕ ਵਜੋਂ ਕੀਤੀ ਹੈ। ਆਮ ਤੌਰ ਤੇ ਸੁੱਕੀ ਤੇ ਕਰੜੀ ਲੱਕੜ ਲਈ ‘ਕਾਠ’ ਸ਼ਬਦ ਵਰਤਿਆ ਜਾਂਦਾ ਹੈ। ਇਕ ਗੱਲ ਤਾਂ ਸਪੱਸ਼ਟ ਹੈ ਕਿ ਲੱਕੜ ਮਨੁਖ ਦਾ ਭੋਜਨ ਨਹੀ ਹੈ। ਅਗਲੇ ਸਲੋਕ ਵਿਚ ਆਇਆ ਸ਼ਬਦ ‘ਰੁਖੀ ਸੁਖੀ ਖਾਇਕੈ’ ਪੂਰੀ ਘੁੰਢੀ ਖੋਲ੍ਹ ਦਿੰਦਾ ਹੈ। ਅਸਲ ਵਿਚ ਜੋ ਰੋਟੀ ਘਿਉ ਨਾਲ ਥਿੰਧੀ ਨਾ ਕੀਤੀ ਜਾਵੇ, ਉਹ ਸਖਤ ਹੋ ਜਾਂਦੀ ਹੈ। ਕਣਕ ਨਾਲੋਂ ਵੀ ਵਧੀਕ ਜੌਂ, ਬਾਜਰੇ ਦੀ ਰੋਟੀ ਬਿਨਾਂ ਥਿੰਧਿਆਈ ਦੇ ਸਖਤ ਹੁੰਦੀ ਹੈ।

ਇਸ ਸੰਸਾਰ ਵਿਚ ਕਈ ਤਰਾਂ ਦੇ ਸੁਭਾਅ ਵਾਲੇ ਮਨੁਖ ਹਨ। ਇਨ੍ਹਾਂ ਵਿਚ ਕੁਝ ਉਹ ਹਨ ਜੋ ਆਪਣੀ ਹੱਕ-ਹਲਾਲ ਦੀ ਕਮਾਈ ਨਾਲ ਪ੍ਰਾਪਤ ਹੋਈ ਰੁੱਖੀ-ਸੁੱਖੀ ਰੋਟੀ ਖਾ ਕੇ ਵੀ ਸੰਤੁਸ਼ਟ ਹਨ। ਇਕ ਟੋਲਾ ਅਜਿਹਾ ਵੀ ਹੈ ਜੋ ਬੜੇ ਮਜ਼ੇਦਾਰ ਖਾਣੇ ਖਾਂਦਾ ਹੈ। ਉਨ੍ਹਾਂ ਦੀ ਕਮਾਈ ਰੋਟੀ ਦਸ ਨਹੁੰਆਂ ਦੀ ਹੱਕ-ਹਲਾਲ ਵਾਲੀ ਨਹੀ ਹੁੰਦੀ। ਉਹ ਇਸ ਵਾਸਤੇ ਝੂਠ ਬੋਲਦੇ ਹਨ, ਫਰੇਬ ਕਰਦੇ ਹਨ, ਠੱਗੀ ਅਤੇ ਬੇਈਮਾਨੀ ਕਰਨੋਂ ਵੀ ਨਹੀ ਝਿਜਕਦੇ।

ਇਸੇ ਸੰਦਰਭ ਵਿਚ ਬਾਬਾ ਫਰੀਦ ਸਾਹਿਬ ਆਖਦੇ ਹਨ ਕਿ ਮੇਰੀ ਰੋਟੀ ਕਾਠ ਵਾਂਗ ਸੁੱਕੀ ਅਤੇ ਰੁੱਖੀ ਹੈ। ਇਥੋਂ ਤਕ ਕਿ ਮੇਰੇ ਕੋਲ ਰੋਟੀ ਖਾਣ ਵਾਸਤੇ ਦਾਲ ਜਾਂ ਸਲੂਣਾ ਵੀ ਨਹੀ ਹੈ। ਪਰ ਮੈਂ ਆਪਣੇ ਇਸ ਹੱਕ-ਹਲਾਲ ਦੇ ਭੋਜਨ ਤੋਂ ਸੰਤੁਸ਼ਟ ਹਾਂ। ਇਸ ਦੇ ਉਲਟ ਜੋ ਲੋਕ ਦੁਨਿਆਵੀ ਰਸਾਂ ਵਿਚ ਫਸੇ ਹੋਏ, ਉਹ ਸਵਾਦਿਸ਼ਟ ਪਦਾਰਥਾਂ ਵਾਸਤੇ ਬੇਅੰਤ ਪਾਪ ਕਰ ਰਹੇ ਹਨ, ਉਨ੍ਹਾਂ ਨੂੰ ਇਕ ਦਿਨ ਕਸ਼ਟ ਉਠਾਉਣਾ ਪੈਣਾ ਹੈ। ਉਨ੍ਹਾਂ ਦੇ ਜੀਵਨ ਨੂੰ ਦੁਖਾਂ ਤੇ ਤਕਲੀਫਾਂ ਵਿਚੋਂ ਗੁਜ਼ਰਨਾ ਪਵੇਗਾ। ਇਸ ਲਈ ਬਹੁਤ ਜਰੂਰੀ ਹੈ ਕਿ ਸਬਰ ਧਾਰਨ ਕਰਦਿਆਂ ਹੋਇਆਂ ਜੀਵਨ ਦਾ ਅਨੰਦ ਮਾਣਿਆ ਜਾਵੇ।
Tags