ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ ॥
ਗਹਿਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ ॥੨੬॥
-ਗੁਰੂ ਗ੍ਰੰਥ ਸਾਹਿਬ ੧੩੭੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਤੇਜ ਹਵਾ ਜਦੋਂ ਧੂੜ-ਮਿੱਟੀ ਉਡਾਉਂਦੀ ਹੈ ਤਾਂ ਪੱਗ ਤੇ ਹੋਰ ਕੱਪੜੇ ਮੈਲੇ ਹੋਣ ਦਾ ਡਰ ਹੁੰਦਾ ਹੈ। ਅਸੀਂ ਆਪਣੀ ਪੱਗ ਜਾਂ ਪਹਿਰਾਵੇ ਨੂੰ ਲੈ ਕੇ ਬਹੁਤ ਚਿੰਤਤ ਹੋ ਜਾਂਦੇ ਹਾਂ ਕਿ ਕਿਤੇ ਮਿੱਟੀ ਨਾਲ ਇਹ ਮੈਲੇ ਨਾ ਹੋ ਜਾਣ। ਪਰ ਅਸੀਂ ਭੁੱਲ ਜਾਂਦੇ ਹਾਂ ਕਿ ਮੌਤ ਤੋਂ ਬਾਅਦ ਇਹੀ ਮਿੱਟੀ ਸਾਡੇ ਸਿਰ ਨੂੰ ਵੀ ਨਿਗਲ ਜਾਂਦੀ ਹੈ, ਭਾਵੇਂ ਜੀਵਨ ਭਰ ਅਸੀਂ ਕਿੰਨੀਆਂ ਵੀ ਸੋਹਣੀਆਂ ਪੱਗਾਂ ਕਿਉਂ ਨਾ ਬੰਨ੍ਹੀਆਂ ਹੋਣ ਤੇ ਕਿੰਨੇ ਵੀ ਸੋਹਣੇ ਪਹਿਰਾਵੇ ਕਿਉਂ ਨਾ ਪਾਏ ਹੋਣ।
ਅਸੀਂ ਅਕਸਰ ਇਹ ਸਮਝਦੇ ਹਾਂ ਕਿ ਸਾਡੀ ਦਿੱਖ ਤੇ ਸ਼ਾਨ ਸਿਰਫ ਬਾਹਰੀ ਚੀਜਾਂ ਨਾਲ ਜੁੜੇ ਹਨ। ਇਸੇ ਕਰਕੇ ਅਸੀਂ ਪੱਗ ਤੇ ਪਹਿਰਾਵੇ ਦੇ ਮੈਲੇ ਹੋਣ ਤੋਂ ਡਰਦੇ ਹਾਂ ਅਤੇ ਉਸ ਨੂੰ ਸਾਫ-ਸੁਥਰਾ ਰੱਖਣ ਲਈ ਲੋੜੋਂ ਵੱਧ ਫਿਕਰਮੰਦ ਰਹਿੰਦੇ ਹਾਂ। ਪਰ ਬਾਹਰੀ ਸਾਫ-ਸਫਾਈ ਦੇ ਨਾਲ-ਨਾਲ ਅੰਦਰਲੀ ਸਫਾਈ ਲਈ ਵੀ ਸੁਚੇਤ ਹੋਣਾ ਚਾਹੀਦਾ ਹੈ।
ਇਸ ਸਲੋਕ ਵਿਚ ਬਾਬਾ ਫਰੀਦ ਜੀ ਦੱਸ ਰਹੇ ਹਨ ਕਿ ਪੱਗ ਦੀ ਸਾਫ-ਸਫਾਈ ਰਖਣ ਲਈ ਹੱਦੋਂ ਵੱਧ ਫਿਕਰ ਕਰਨਾ ਇਕ ਭੁਲੇਖਾ ਹੈ, ਕਿਉਂਕਿ ਪੱਗ ਤਾਂ ਕੀ, ਇਕ ਦਿਨ ਸਿਰ ਵੀ ਮਿੱਟੀ ਵਿਚ ਮਿਲ ਜਾਣਾ ਹੈ। ਇਸ ਲਈ ਸਾਨੂੰ ਬਾਹਰੀ ਤੇ ਥੁੜ-ਚਿਰੀ ਸ਼ਾਨੋ–ਸ਼ੌਕਤ ਵਾਲੀਆਂ ਚੀਜਾਂ ਵੱਲ ਘੱਟ ਧਿਆਨ ਦੇਣਾ ਚਾਹੀਦਾ। ਜਿੰਦਗੀ ਵਿਚ ਕੰਮ ਆਉਣ ਵਾਲੀਆਂ ਅਸਲ ਚੀਜਾਂ ਵੱਲ ਵੀ ਤਵੱਜੋ ਕਰਨੀ ਚਾਹੀਦੀ ਹੈ। ਜਿਸ ਮਕਸਦ ਲਈ ਇਹ ਜੀਵਨ ਮਿਲਿਆ ਹੈ, ਉਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡਾ ਪਿਆਰ ਕਾਦਰ ਨਾਲ ਪਵੇ ਅਤੇ ਅਸੀਂ ਉਸ ਦੀ ਰਚੀ ਕੁਦਰਤ ਲਈ ਪਿਆਰ-ਸਤਕਾਰ ਪੈਦਾ ਕਰੀਏ। ਇਕ ਦਿਨ ਅਸੀਂ ਸਭ ਨੇ ਇਸ ਸੰਸਾਰ ਤੋਂ ਚਲੇ ਜਾਣਾ ਹੈ, ਇਸ ਲਈ ਛੋਟੀਆਂ-ਮੋਟੀਆਂ ਗੱਲਾਂ ਵੱਲ ਲੋੜੋਂ ਵੱਧ ਤਵੱਜੋ ਦੇਣੀ ਜਿੰਦਗੀ ਦਾ ਕੀਮਤੀ ਸਮਾਂ ਵਿਅਰਥ ਗਵਾਉਣ ਵਾਲੀ ਗੱਲ ਹੈ। ਜਦੋਂ ਅਸੀਂ ਆਪਣੇ ਮਨ ਵੱਲ ਅਤੇ ਆਪਣੇ ਅੰਦਰਲੀਆਂ ਘਾਟਾਂ ਵੱਲ ਤਵੱਜੋ ਦਿੰਦੇ ਹਾਂ, ਤਦੋਂ ਹੀ ਆਤਮਕ ਸੁਧਾਈ ਅਤੇ ਮਾਨਸਕ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ।
ਇਸੇ ਭਾਵ ਨੂੰ ਹੀ ਬਿਆਨ ਕਰਦਿਆਂ ਭਗਤ ਕਬੀਰ ਜੀ ਆਖਦੇ ਹਨ ਕਿ ਜਿਸ ਸਿਰ ਤੇ ਮਨੁਖ ਸੰਵਾਰ ਸੰਵਾਰ ਕੇ ਪੱਗ ਬੰਨਦਾ ਹੈ, ਮੌਤ ਆਉਣ ‘ਤੇ ਉਸ ਸਿਰ ਨੂੰ ਕਾਂ ਆਪਣੀਆਂ ਚੁੰਝਾਂ ਨਾਲ ਸੰਵਾਰਦੇ ਹਨ:
ਜਿਹ ਸਿਰਿ ਰਚਿ ਰਚਿ ਬਾਧਤ ਪਾਗ॥
ਸੋ ਸਿਰੁ ਚੁੰਚ ਸਵਾਰਹਿ ਕਾਗ॥੧॥ ਗੁਰੂ ਗ੍ਰੰਥ ਸਾਹਿਬ- ੩੩੦
ਨੋਟ: ਮੰਨਿਆ ਜਾਂਦਾ ਹੈ ਕਿ ਬਾਬਾ ਫਰੀਦ ਜੀ ਦੀ ਪੱਗ ਅੱਜ ਵੀ ਪਾਕਪਟਨ ਵਿਖੇ ਸਾਂਭੀ ਪਈ ਹੈ। ਇਸਲਾਮ ਵਿਚ ਪੱਗ ਨੂੰ ਅਮਾਮਾ ਜਾਂ ਇਮਾਮਾ ਕਿਹਾ ਜਾਂਦਾ ਹੈ, ਜੋ ਨਿਮਰਤਾ, ਪਵਿੱਤਰਤਾ, ਮਰਿਆਦਾ ਅਤੇ ਪਛਾਣ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਇਮਾਮਾ ਖਾਸ ਮੌਕਿਆਂ ਤੇ ਬੰਨ੍ਹੀ ਜਾਂਦੀ ਹੈ, ਜਦਕਿ ਅਮਾਮਾ ਆਮ ਹਾਲਤਾਂ ਵਿਚ।