ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥
ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ ॥੨੩॥
-ਗੁਰੂ ਗ੍ਰੰਥ ਸਾਹਿਬ ੧੩੭੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਬਾਬਾ ਫਰੀਦ ਜੀ ਇਸ ਸਲੋਕ ਦੇ ਦੁਆਰਾ ਸਮਝਾ ਰਹੇ ਹਨ ਕਿ ਬੰਦਾ ਜਿਹੋ-ਜਿਹੇ ਫਲ ਦੀ ਆਸ ਕਰਦਾ ਹੈ,ਉਹੋ-ਜਿਹਾ ਬੀਜ ਨਹੀ ਬੀਜਦਾ, ਭਾਵ ਕਰਮ ਨਹੀਂ ਕਰਦਾ। ਅਸੀਂ ਵੇਖਦੇ ਹਾਂ ਕਿ ਮਨੁਖ ਬੀਜ ਤਾਂ ਦੁਖਾਂ ਦੇ ਬੀਜਦਾ ਹੈ, ਪਰ ਆਸ ਸੁਖਾਂ ਦੇ ਫਲ ਦੀ ਰਖਦਾ ਹੈ। ਧਰਤੀ ਦਾ ਧਰਮ ਹੈ ਕਿ ਉਸ ਵਿਚ ਜੋ ਵੀ ਬੀਜ ਪਾਇਆ ਜਾਂਦਾ ਹੈ, ਉਸ ਨੂੰ ਹੀ ਪਰਗਟ ਕਰਦੀ ਹੈ। ਅਜਿਹਾ ਕਦੇ ਵੀ ਨਹੀ ਹੁੰਦਾ ਕਿ ਜਮੀਨ ਵਿਚ ਬੀਜਿਆ ਕੁਝ ਹੋਰ ਹੋਵੇ ਤੇ ਪ੍ਰਾਪਤ ਕੁਝ ਹੋਰ ਹੋਵੇ। ਇਸ ਗੱਲ ਨੂੰ ਬਾਰਹ ਮਾਹਾ ਵਿਚ ਗੁਰੂ ਅਰਜਨ ਸਾਹਿਬ ਨੇ ਵੀ ਇੰਝ ਬਿਆਨ ਕੀਤਾ ਹੈ: ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥
ਬਾਬਾ ਫਰੀਦ ਜੀ ਉਦਾਹਰਣ ਦਿੰਦਿਆਂ ਆਖਦੇ ਹਨ ਕਿ ਜਿਵੇਂ ਕੋਈ ਜਿੰਮੀਦਾਰ ਆਪਣੇ ਖੇਤ ਵਿਚ ਬੀਜੇ ਤਾਂ ਕਿੱਕਰਾਂ ਪਰ ਆਸ ਇਹ ਲਗਾਵੇ ਕਿ ਉਸ ਨੂੰ ਬਿਜੌਰ ਦੀਆਂ ਸਵਾਦਿਸ਼ਟ ਦਾਖਾਂ ਲਗਣ, ਇਹ ਕਦੇ ਨਹੀ ਹੋ ਸਕਦਾ। ਕਿੱਕਰਾਂ ਤੋਂ ਤਾਂ ਸਿਰਫ ਤੁੱਕੇ ਅਤੇ ਕੰਡੇ ਹੀ ਮਿਲਣਗੇ। ਇਸੇ ਤਰਾਂ ਕੋਈ ਉੱਨ ਦੇ ਕੱਤੇ ਕੱਪੜੇ ਪਹਿਣ ਕੇ ਸੋਚੇ ਕਿ ਇਨ੍ਹਾਂ ਵਿਚੋਂ ਰੇਸ਼ਮ ਦਾ ਸਕੂਨ ਮਿਲੇ ਤਾਂ ਇਹ ਉਸਦੀ ਗਲਤ ਫਹਿਮੀ ਹੈ। ਕਿਉਂਕਿ ਜਿਹੋ-ਜਿਹਾ ਕੋਈ ਬੀਜੇਗਾ, ਉਹੋ ਜਿਹਾ ਹੀ ਫਲ ਮਿਲੇਗਾ ਭਾਵ ਜਿਹੋ-ਜਿਹਾ ਕੋਈ ਕਰਮ ਕਰੇਗਾ, ਉਹੋ-ਜਿਹਾ ਨਤੀਜਾ ਹੀ ਉਸ ਨੂੰ ਪ੍ਰਾਪਤ ਹੋਵੇਗਾ। ਮਨੁਖ ਪਾਪ ਵੀ ਕਮਾਉਣਾ ਚਾਹੁੰਦਾ ਹੈ ਤੇ ਪਾਪੀ ਵੀ ਨਹੀ ਅਖਵਾਉਣਾ ਚਾਹੁੰਦਾ, ਧਰਮ ਕਮਾ ਨਹੀ ਪਾ ਰਿਹਾ ਪਰ ਧਰਮੀ ਅਖਵਾਉਣਾ ਚਾਹੁੰਦਾ ਹੈ। ਇਸੇ ਲਈ ਬਾਬਾ ਫਰੀਦ ਜੀ ਮਨੁਖ ਨੂੰ ਸੁਚੇਤ ਕਰਦਿਆਂ ਸਮਝਾ ਰਹੇ ਹਨ ਜੇਕਰ ਮਨੁਖ ਕਰਮ ਹਮੇਸ਼ਾ ਮਾੜੇ ਕਰੇ, ਪਰ ਚਾਹੇ ਕਿ ਉਸਨੂੰ ਸੁਖ-ਸ਼ਾਂਤੀ ਮਿਲੇ, ਇਸ ਤਰ੍ਹਾਂ ਕਦੇ ਨਹੀ ਹੋ ਸਕਦਾ। ਇਸ ਲਈ ਜਰੂਰੀ ਹੈ ਕਿ ਖੋਟੇ ਕਰਮਾਂ ਦਾ ਤਿਆਗ ਕਰਕੇ ਹਮੇਸ਼ਾ ਚੰਗੇ ਕਰਮ ਹੀ ਕਰਨੇ ਚਾਹੀਦੇ ਹਨ।