Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ  ਰਾਤੀ ਵਡੀਆਂ   ਧੁਖਿ ਧੁਖਿ ਉਠਨਿ ਪਾਸ
ਧਿਗੁ ਤਿਨੑਾ ਦਾ ਜੀਵਿਆ   ਜਿਨਾ ਵਿਡਾਣੀ ਆਸ ॥੨੧॥
-ਗੁਰੂ ਗ੍ਰੰਥ ਸਾਹਿਬ ੧੩੭੮-੧੩੭੯

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਸਿਆਲਾਂ ਦੀਆਂ ਰਾਤਾਂ ਦੀ ਉਦਾਹਰਣ ਦਿੰਦਿਆਂ ਆਖਦੇ ਹਨ ਕਿ ਇਹ ਏਨੀਆਂ ਲੰਮੀਆਂ ਹੁੰਦੀਆਂ ਹਨ ਕਿ ਮੁੱਕਣ ਵਿਚ ਹੀ ਨਹੀਂ ਆਉਂਦੀਆਂ, ਸੌ-ਸੌਂ ਕੇ ਸਰੀਰ ਦੁਖਣ ਲੱਗ ਜਾਂਦਾ ਹੈ। ਅਸਲ ਵਿਚ ਆਮ ਮਨੁਖ ਦੀ ਮਨੋ-ਅਵਸਥਾ ਹੈ ਕਿ ਸੁਖ ਦਾ ਸਮਾਂ ਤਾਂ ਪਲ ਵਿਚ ਹੀ ਲੰਘ ਜਾਂਦਾ ਹੈ ਪਰ ਦੁਖ ਦਾ ਸਮਾਂ ਤਾਂ ਜਿਵੇਂ ਖਲੋ ਹੀ ਜਾਂਦਾ ਹੈ। ਇਸ ਸਲੋਕ ਦੇ ਅੰਤਰੀਵ ਭਾਵ ਵਿਚ ਗਿਆਂ ਪਤਾ ਲਗਦਾ ਹੈ ਕਿ ਇਥੇ ਬਾਬਾ ਫਰੀਦ ਜੀ ਨੇ ਮਨਮੁਖ ਦੀ ਅਵਸਥਾ ਦਾ ਚਿਤ੍ਰ ਉਲੀਕਿਆ ਹੈ, ਜਿਸ ਦੀ ਜੀਵਨ ਰੂਪੀ ਰਾਤ ਵਿਚ ਪੀੜਾ ਦਾ, ਦੁਖ ਦਾ ਸਮਾਂ ਬਹੁਤ ਜਿਆਦਾ ਲੰਮਾ ਖਿੱਚਿਆ ਗਿਆ ਹੈ। ਇਹ ਕਟਿਆਂ ਵੀ ਨਹੀ ਕਟੀਂਦਾ। ਗੁਰੂ ਅਰਜਨ ਸਾਹਿਬ ਵੀ ਆਖਦੇ ਹਨ ਕਿ ਮਨੁਖ ਪ੍ਰਭੂ ਜੀ ਨਾਲੋਂ ਵਿਛੜੇ ਹੋਏ ਹਨ, ਜਿੰਨ੍ਹਾਂ ਨੂੰ ਨਾਮ ਭੁਲਿਆ ਹੋਇਆ ਹੈ, ਉਨ੍ਹਾਂ ਦੀ ਜਿੰਦਗੀ ਰੂਪੀ ਰਾਤ ਬੀਤਣ ਵਿਚ ਨਹੀ ਆਉਂਦੀ ਭਾਵ ਕਿ ਉਹ ਇਤਨੇ ਦੁਖੀ ਹੁੰਦੇ ਹਨ ਕਿ ਉਹਨਾਂ ਨੂੰ ਉਮਰ ਭਾਰੂ ਹੋਈ ਲਗਦੀ ਹੈ।: ਰਾਤਿ ਨ ਵਿਹਾਵੀ ਸਾਕਤਾਂ ਜਿਨੑਾ ਵਿਸਰੈ ਨਾਉ ॥

ਅੱਗੇ ਬਾਬਾ ਫਰੀਦ ਜੀ ਪ੍ਰਭੂ ਦੇ ਪ੍ਰੇਮ ਰਸ ਤੋਂ ਸੱਖਣਿਆਂ ਨੂੰ ਨਿਹੋਰਾ ਮਾਰਦੇ ਹੋਏ ਆਖਦੇ ਹਨ ਕਿ ਜਿਹੜੇ ਮਨੁਖ ਉਸ ਪ੍ਰਭੂ ਨੂੰ ਛੱਡ ਕੇ ਦੁਨੀਆਵੀ ਟੇਕ ਰਖਦੇ ਹਨ, ਉਨ੍ਹਾਂ ਦਾ ਜੀਵਨ ਹੀ ਲਾਹਨਤ ਭਰਿਆ ਤੇ ਵਿਅਰਥ ਹੈ। ਉਹ ਨਾਸ਼ਵਾਨ ਸੰਸਾਰਕ ਲਾਲਸਾ ਅਧੀਨ ਜੀਵਨ ਜਿਉਂ ਰਹੇ ਹਨ, ਜਿਸ ਸਦਕਾ ਉਨ੍ਹਾਂ ਦਾ ਸਾਰਾ ਜੀਵਨ ਸੁਖ ਦੀ ਲਾਲਸਾ ਵਿਚ ਹੱਥ-ਪੱਲੇ ਮਾਰਦਿਆਂ ਅਤੇ ਸੰਸਾਰਕ ਮੁਸ਼ਕਿਲਾਂ ਦਾ ਹੱਲ ਸੋਚਦਿਆਂ ਹੀ ਲੰਘ ਜਾਂਦਾ ਹੈ। ਇਸ ਲਈ ਬਹੁਤ ਜਰੂਰੀ ਹੈ ਜੀਵਨ ਰੂਪੀ ਰਾਤ ਦਾ ਸਹੀ ਲਾਹਾ ਖਟਦਿਆਂ, ਜੀਵਨ ਦਾ ਅਨੰਦ ਮਾਨਣ ਵਾਸਤੇ, ਭਜਨ ਬੰਦਗੀ ਕਰਦਿਆਂ ਕੇਵਲ ਇਕੋ ਦਾ ਓਟ ਆਸਰਾ ਲਈਏ। ਭਗਤ ਕਬੀਰ ਜੀ ਵੀ ਇਹੋ ਗਲ ਸਮਝਾਉਂਦੇ ਹਨ: ਕਬੀਰ ਆਸਾ ਕਰੀਐ ਰਾਮ ਕੀ ਅਵਰੈ ਆਸ ਨਿਰਾਸ ॥
Tags