Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ  ਇਨੀ ਨਿਕੀ ਜੰਘੀਐ   ਥਲ ਡੂੰਗਰ ਭਵਿਓਮੑਿ
ਅਜੁ ਫਰੀਦੈ ਕੂਜੜਾ   ਸੈ ਕੋਹਾਂ ਥੀਓਮਿ ॥੨੦॥
-ਗੁਰੂ ਗ੍ਰੰਥ ਸਾਹਿਬ ੧੩੭੮

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਮਨੁਖ ਨੂੰ ਹਮੇਸ਼ਾ ਬਦਲ ਰਹੇ ਸੰਸਾਰ ਬਾਰੇ ਸੁਚੇਤ ਕਰਦਿਆਂ ਬੁੱਢੇਪੇ ਦੀ ਲਚਾਰਗੀ ਨੂੰ ਬਿਆਨ ਕਰਦੇ ਹਨ। ਜਵਾਨੀ ਦੇ ਸਮੇਂ ਮਨੁਖ ਦਾ ਸਰੀਰਿਕ ਬਲ ਆਪਣੇ ਪੂਰੇ ਜੋਬਨ ’ਤੇ ਹੁੰਦਾ ਹੈ ਤੇ ਉਹ ਔਖੇ ਤੋਂ ਔਖੇ ਕੰਮ ਨੂੰ ਵੀ ਸੌਖਾ ਸਮਝਦਾ ਹੈ। ਜਵਾਨੀ ਵਿਚ ਉੱਬੜ-ਖਾਬੜ ਰਸਤਿਆਂ ’ਤੇ ਭੱਜੇ ਫਿਰਨਾ, ਲੰਮੇ-ਲੰਮੇ ਪੰਧ ਬਿਨਾਂ ਰੁਕਿਆਂ ਮੁਕਾਉਣੇ, ਇਥੋਂ ਤਕ ਕਿ ਪਹਾੜਾਂ ਦੀਆਂ ਚੋਟੀਆਂ ਨੂੰ ਸਰ ਕਰਨਾ ਆਮ ਜਿਹੀ ਗੱਲ ਲੱਗਦੀ ਹੈ। ਇਸ ਉਮਰ ਵਿਚ ਮਨੁਖ ਬਿਮਾਰੀ ਦੀ ਵੀ ਪਰਵਾਹ ਨਹੀ ਕਰਦਾ। ਪਰ ਜਦੋਂ ਮਨੁਖ ਉੱਤੇ ਬੁੱਢਾਪਾ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਜੋਬਨ (ਬਲ) ਨੂੰ ਹੀ ਕੱਢਦਾ ਹੈ। ਇਸ ਗੱਲ ਨੂੰ ਗੁਰੂ ਨਾਨਕ ਸਾਹਿਬ ਵੀ ਇੰਝ ਦੱਸਦੇ ਹਨ : ਜਰੁ ਆਈ ਜੋਬਨਿ ਹਾਰਿਆ ॥ ਬੁੱਢੇਪਾ ਆ ਜਾਣ ’ਤੇ ਉਹੀ ਸਰੀਰ ਏਨਾ ਕਮਜੋਰ ਹੋ ਜਾਂਦਾ ਹੈ ਕਿ ਹੁਣ ਉਸ ਨੂੰ ਆਪਣੇ ਕੋਲ ਪਿਆ ਪਾਣੀ ਦਾ ਘੜਾ (ਕੁੱਜਾ) ਚੁੱਕਣਾ ਔਖਾ ਹੀ ਨਹੀਂ ਲੱਗਦਾ ਸਗੋਂ ਕੋਹਾਂ ਦੂਰ ਪਿਆ ਮਹਿਸੂਸ ਹੁੰਦਾ ਹੈ।

ਉਮਰ ਦੇ ਬੀਤ ਜਾਣ ’ਤੇ ਦੇਹ ਏਨੀ ਨਿਤਾਣੀ ਹੋ ਜਾਂਦੀ ਹੈ ਕਿ ਉਸ ਵਿਚ ਸੱਤਿਆ ਹੀ ਨਹੀਂ ਰਹਿੰਦੀ। ਇਹ ਦੱਸਦਿਆਂ ਬਾਬਾ ਫਰੀਦ ਜੀ ਮਨੁਖ ਨੂੰ ਜੁਆਨੀ ਦੀ ਤੰਦਰੁਸਤ ਅਵਸਥਾ ਦਾ ਲਾਹਾ ਲੈਣ ਲਈ ਪ੍ਰੇਰਤ ਕਰਦੇ ਹਨ। ਭਾਵ, ਸਰੀਰ ਵਿਚ ਤਾਣ ਦੇ ਹੁੰਦਿਆਂ, ਅੰਗ ਪੈਰਾਂ ਦੇ ਠੀਕ ਚਲਦਿਆਂ ਮਨੁਖ ਨੂੰ ਭਜਨ ਬੰਦਗੀ ਕਰ ਲੈਣੀ ਚਾਹੀਦੀ ਹੈ।
Tags