Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ  ਜੰਗਲੁ ਜੰਗਲੁ ਕਿਆ ਭਵਹਿ   ਵਣਿ ਕੰਡਾ ਮੋੜੇਹਿ
ਵਸੀ ਰਬੁ ਹਿਆਲੀਐ   ਜੰਗਲੁ ਕਿਆ ਢੂਢੇਹਿ ॥੧੯॥
-ਗੁਰੂ ਗ੍ਰੰਥ ਸਾਹਿਬ ੧੩੭੮

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸੰਸਾਰ ਅੰਦਰ ਇਹ ਇਕ ਬੜਾ ਵਡਾ ਭੁਲੇਖਾ ਸੀ ਕਿ ਜਿਸ ਮਨੁਖ ਨੇ ਵੀ ਅਧਿਆਤਮਕ ਮਾਰਗ ਤੇ ਤੁਰਨਾ ਹੈ ਤਾਂ ਉਸਨੂੰ ਪਰਿਵਾਰਕ ਬੰਧਨਾਂ ਤੋਂ ਮੁਕਤ ਹੋਣਾ ਪਵੇਗਾ। ਇਸ ਲਈ ਉਸ ਨੂੰ ਆਪਣਾ ਘਰ-ਬਾਰ ਅਤੇ ਕੰਮਕਾਰ ਛੱਡ ਕੇ ਜੰਗਲ ਵਿਚ ਜਾ ਕੇ ਭਗਤੀ ਕਰਨੀ ਪੈਣੀ ਹੈ। ਕੇਵਲ ਉਥੇ ਹੀ ਸੌਖਿਆਂ ਪ੍ਰਭੂ ਮਿਲ ਸਕਦਾ ਹੈ।

ਇਸ ਸਲੋਕ ਵਿਚ ਬਾਬਾ ਫਰੀਦ ਜੀ ਅਜਿਹੇ ਹੀ ਲੋਕਾਂ ਨੂੰ ਸਿੱਖਿਆ ਦਿੰਦੇ ਹਨ ਜਿਹੜੇ ਘਰ-ਬਾਰ ਤੇ ਸਮਾਜ ਦਾ ਤਿਆਗ ਕਰ ਕੇ, ਜੰਗਲ-ਬੀਆਬਾਨ ਵਿਚ ਰੱਬ ਦੀ ਭਾਲ ਲਈ ਨਿਕਲ ਜਾਂਦੇ ਸਨ। ਅਜਿਹੇ ਲੋਕ ਉਥੇ ਸਿਰਫ ਵਣ-ਬੂਟੇ ਅਤੇ ਕੱਖ-ਕੰਡੇ ਹੀ ਮਿਧਦੇ ਹਨ। ਉਥੇ ਉਨ੍ਹਾਂ ਨੂੰ ਪ੍ਰਾਪਤ ਕੁਝ ਨਹੀਂ ਹੁੰਦਾ। ਇਸ ਕਰ ਕੇ ਅਜਿਹੇ ਜਤਨਾਂ ਦਾ ਕੋਈ ਲਾਭ ਨਹੀਂ ਹੈ।

ਬੇਸ਼ੱਕ ਰੱਬ ਹਰ ਥਾਂ ਹੈ। ਪਰ ਰੱਬ ਦੀ ਸਭ ਤੋਂ ਸੌਖੀ ਪਛਾਣ ਬੰਦੇ ਦੇ ਹਿਰਦੇ ਵਿਚੋਂ ਹੀ ਹੋ ਸਕਦੀ ਹੈ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਬੰਦਾ ਆਪਣੇ ਹਿਰਦੇ ਰਾਹੀਂ ਰੱਬ ਨੂੰ ਛੇਤੀ ਪਛਾਣ ਸਕਦਾ ਹੈ। ਇਸ ਲਈ ਸਮਝਾਇਆ ਗਿਆ ਹੈ ਕਿ ਬੰਦੇ ਨੂੰ ਜੰਗਲਾਂ ਵਿਚ ਬੇਲੋੜਾ ਫਿਰਨ ਦੀ ਥਾਂ ਆਪਣੇ ਹਿਰਦੇ ਵਿਚੋਂ ਹੀ ਰੱਬ ਦੇਖਣਾ ਚਾਹੀਦਾ ਹੈ।
Tags