ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ ॥
ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ ॥੧੮॥
-ਗੁਰੂ ਗ੍ਰੰਥ ਸਾਹਿਬ ੧੩੭੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਲਾਲਚ ਦੇ ਵਿਨਾਸ਼ਕਾਰੀ ਸੁਭਾਅ ਤੇ ਨਕਾਰਾਤਮਕ ਨਤੀਜਿਆਂ ਬਾਰੇ ਦੱਸਦਿਆਂ ਮਨੁਖ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਲਾਲਚ ਲੋਕਾਂ ਨੂੰ ਸ਼ਾਂਤੀ, ਤੰਦਰੁਸਤੀ ਅਤੇ ਆਤਮ-ਵਿਸ਼ਵਾਸ ਨਾਲੋਂ ਪਦਾਰਥ ਨੂੰ ਤਰਜੀਹ ਦੇਣ ਲਈ ਮਜਬੂਰ ਕਰਦਾ ਹੈ। ਪ੍ਰੇਮ ਅਤੇ ਲੋਭ, ਇਕ ਦਿਲ ਵਿਚ ਇਕੱਠੇ ਨਹੀਂ ਰਹਿ ਸਕਦੇ। ਜਿਹੜੇ ਲੋਕ ਨਿੱਜੀ ਲੋੜਾਂ ਦੇ ਲੋਭ ਤੋਂ ਬਚੇ ਰਹਿੰਦੇ ਹਨ, ਉਹ ਸਹੀ ਅਰਥਾਂ ਵਿਚ ਸਫਲ ਜੀਵਨ ਬਤੀਤ ਕਰਦੇ ਹਨ। ਇਸ ਵਿਚ ਪਦਾਰਥ ਦੇ ਵਧੇਰੇ ਮੋਹ ਤੋਂ ਮੁਕਤ ਅਤੇ ਸੰਜਮ ਵਾਲੇ ਜੀਵਨ ਨੂੰ ਮਹੱਤਵਪੂਰਣ ਦੱਸਿਆ ਗਿਆ ਹੈ। ਇਸ ਵਿਚ ਮਨੁਖ ਨੂੰ ਲਾਲਚ ਦੇ ਖਤਰਿਆਂ ਤੋਂ ਵੀ ਸਾਵਧਾਨ ਕੀਤਾ ਗਿਆ ਹੈ, ਕਿਉਂਕਿ ਲਾਲਚ ਉਸ ਨੂੰ ਧਰਮ ਦੇ ਮਾਰਗ ਤੋਂ ਦੂਰ ਕਰ ਕੇ ਪਦਾਰਥ ਅਤੇ ਸੁਆਰਥ ਦੇ ਜੀਵਨ ਵੱਲ ਲੈ ਜਾਂਦਾ ਹੈ।
ਬਾਬਾ ਫਰੀਦ ਜੀ ਸਮਝਾ ਰਹੇ ਹਨ ਕਿ ਜੇ ਕਿਸੇ ਦੇ ਮਨ ਵਿਚ ਦੁਨਿਆਵੀ ਲੋਭ-ਲਾਲਚ ਹੈ ਤਾਂ ਉਸ ਦਾ ਰੱਬੀ ਪ੍ਰੇਮ ਦਾ ਦਿਖਾਵਾ ਨਿਰਾ ਝੂਠ ਹੈ। ਲੋਭ ਹੁੰਦੇ ਹੋਏ ਪਿਆਰ ਹੋ ਹੀ ਨਹੀਂ ਸਕਦਾ।
ਜਿਵੇਂ ਕਿਸੇ ਟੁੱਟੇ ਹੋਏ ਛੱਪਰ ਹੇਠ ਓਨੀ ਦੇਰ ਹੀ ਸਮਾਂ ਕੱਟਿਆ ਜਾ ਸਕਦਾ ਹੈ, ਅਖੀਰ ਛੱਪਰ ਨੇ ਚੋਅ ਹੀ ਪੈਣਾ ਹੈ; ਦੁਨਿਆਵੀ ਲਾਲਸਾਵਾਂ ਅਧੀਨ ਪ੍ਰਭੂ ਦੀ ਬੰਦਗੀ ਕਰਨ ਵਾਲੇ ਦੁਨਿਆਵੀ ਮਨੁਖ ਦੀ ਵੀ ਜਦੋਂ ਕੋਈ ਇਛਾ ਪੂਰੀ ਨਾ ਹੋਵੇ ਤਾਂ ਉਸ ਦਾ ਪਿਆਰ ਪ੍ਰਭੂ ਨਾਲੋਂ ਟੁੱਟ ਜਾਂਦਾ ਹੈ। ਪਿਆਰ ਹਮੇਸ਼ਾ ਲੋਭ-ਰਹਿਤ ਅਤੇ ਨਿਰਸਵਾਰਥ ਹੋਣਾ ਚਾਹੀਦਾ ਹੈ।
ਰੱਬ ਦੀ ਦੁਨੀਆ ਨੂੰ ਪਿਆਰ ਕਰਨਾ ਹੀ ਰੱਬ ਵੱਲ ਲੈ ਕੇ ਜਾਂਦਾ ਹੈ, ਪਰ ਇਹ ਜ਼ਰੂਰੀ ਹੈ ਕਿ ਦੁਨੀਆ ਪ੍ਰਤੀ ਪਿਆਰ ਵੀ ਨਿਰਸਵਾਰਥ ਹੋਵੇ। ਜਿਹੜਾ ਮਨੁਖ ਦੁਨੀਆ ਵਿਚ ਨਿਰਸਵਾਰਥ ਹੋ ਕੇ ਵਿਚਰੇ, ਉਹ ਰੱਬ ਦੇ ਰਾਹ ਵਿਚ ਵੀ ਨਿਰਸਵਾਰਥ ਹੁੰਦਾ ਹੈ। ਇਸ ਲਈ ਹੀ ਰੱਬ ਵੀ ਅਜਿਹੇ ਮਨੁਖ ’ਤੇ ਮਿਹਰਬਾਨ ਹੁੰਦਾ ਹੈ, ਜਿਹੜਾ ਉਸ ਨੂੰ ਤੇ ਉਸ ਦੀ ਦੁਨੀਆ ਨਾਲ ਨਿਰਸਵਾਰਥ ਅਤੇ ਨਿਰਲੋਭ ਪਿਆਰ ਕਰਦਾ ਹੈ। ਭਗਤ ਕਬੀਰ ਜੀ ਦਾ ਵੀ ਕਥਨ ਹੈ: ਜਬ ਲਗੁ ਰਸੁ ਤਬ ਲਗੁ ਨਹੀ ਨੇਹੁ॥