ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ ॥
ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ ॥੧੭॥
-ਗੁਰੂ ਗ੍ਰੰਥ ਸਾਹਿਬ ੧੩੭੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਬਾਬਾ ਫਰੀਦ ਜੀ ਆਪਣੇ-ਆਪ ਨੂੰ ਮੁਖਾਤਬ ਹੋ ਕੇ ਦੱਸਦੇ ਹਨ ਕਿ ਮਿੱਟੀ ਬਾਰੇ ਕਦੇ ਮਾੜਾ ਨਹੀਂ ਕਹਿਣਾ ਚਾਹੀਦਾ। ਇਹ ਆਪਣਾ-ਆਪ ਮੇਟ ਕੇ ਜਾਂ ਮਿਟਾ ਕੇ ਹੀ ਮਿੱਟੀ ਸਦਾਉਂਦੀ ਹੈ। ਇਹ ਆਪਣੇ ਇਸ ਗੁਣ ਕਾਰਣ ਹੀ ਏਨੀ ਮਹਾਨ ਹੈ ਕਿ ਇਸ ਜਿੰਨਾ ਮਹਾਨ ਕੋਈ ਹੋਰ ਨਹੀਂ ਹੈ। ਮਹਾਨਤਾ ਦਾ ਅਸਲ ਗੁਣ ਨਿਮਰਤਾ ਹੀ ਹੁੰਦਾ ਹੈ। ਜਿੰਨਾ ਵਧੇਰੇ ਕੋਈ ਨਿਮਰ ਹੁੰਦਾ ਹੈ, ਉਨਾ ਹੀ ਵਧੇਰੇ ਉਹ ਮਹਾਨ ਹੁੰਦਾ ਹੈ।
ਮਨੁਖ ਲਈ ਇਸ ਮਿੱਟੀ ਦੀ ਅਹਿਮੀਅਤ ਏਨੀ ਹੈ ਕਿ ਜਦ ਮਨੁਖ ਜਿਉਂਦਾ ਹੁੰਦਾ ਹੈ ਤਾਂ ਇਹ ਉਸ ਦੇ ਪੈਰਾਂ ਹੇਠ ਹੁੰਦੀ ਹੈ ਤੇ ਉਹ ਇਸ ਉੱਤੇ ਹੀ ਤੁਰਦਾ-ਫਿਰਦਾ ਤੇ ਵਸਦਾ-ਰਸਦਾ ਹੈ। ਇਹ ਮਿੱਟੀ ਉਸ ਦੀਆਂ ਸਭ ਲੋੜਾਂ ਪੂਰੀਆਂ ਕਰਦੀ ਹੈ। ਪਰ ਜਦ ਮਨੁਖ ਪੂਰਾ ਹੋ ਜਾਂਦਾ ਹੈ, ਭਾਵ ਮਰ ਜਾਂਦਾ ਹੈ ਤਾਂ ਇਹ ਉਸ ਨੂੰ ਆਪਣੇ ਅੰਦਰ ਸਾਂਭ ਕੇ ਉਸ ਨੂੰ ਉਪਰੋਂ ਢਕ ਲੈਂਦੀ ਹੈ। ਇਸ ਤੋਂ ਵਧੇਰੇ ਹੋਰ ਇਸ ਦੀ ਮਹਾਨਤਾ ਕੀ ਹੋ ਸਕਦੀ ਹੈ? ਇਸ ਲਈ ਇਸ ਬਾਰੇ ਕਦੇ ਵੀ ਕੁਝ ਬੁਰਾ ਨਹੀਂ ਕਹਿਣਾ ਚਾਹੀਦਾ।
ਇਥੇ ਬਾਬਾ ਫਰੀਦ ਜੀ ਪਿਛਲੇ ਸਲੋਕ ਵਿਚ ਆਏ ਨਿਮਰ ਤੇ ਸਹਿਨਸ਼ੀਲ ਸੁਭਾਅ ਵਾਲੇ ਮਨੁਖ ਬਾਬਤ ਹੀ ਦੱਸ ਰਹੇ ਹਨ ਕਿ ਉਸ ਵਿਚਲੇ ਇਨ੍ਹਾਂ ਗੁਣਾਂ ਕਾਰਣ ਉਸ ਨੂੰ ਕਮਜੋਰ, ਲਾਚਾਰ ਆਦਿ ਨਹੀਂ ਸਮਝਣਾ ਚਾਹੀਦਾ। ਉਸ ਦੀ ਜੀਵਨ-ਜਾਚ ਵਿਚ ਨਿਮਰਤਾ ਹੋਣ ਕਾਰਣ ਹੀ ਉਹ ਆਤਮਕ ਤੌਰ ’ਤੇ ਉੱਚਾ ਅਤੇ ਅਡੋਲ ਹੁੰਦਾ ਹੈ।