ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਥੀਉ ਪਵਾਹੀ ਦਭੁ ॥ ਜੇ ਸਾਂਈ ਲੋੜਹਿ ਸਭੁ ॥
ਇਕੁ ਛਿਜਹਿ ਬਿਆ ਲਤਾੜੀਅਹਿ ॥ ਤਾਂ ਸਾਈ ਦੈ ਦਰਿ ਵਾੜੀਅਹਿ ॥੧੬॥
-ਗੁਰੂ ਗ੍ਰੰਥ ਸਾਹਿਬ ੧੩੭੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸੂਫੀ ਪਰੰਪਰਾ ਵਿਚ ਨਿਮਰਤਾ ਨੂੰ ਰੂਹਾਨੀ ਉਚਾਈ ਵੱਲ ਪੁੱਟਿਆ ਪਹਿਲਾ ਕਦਮ ਮੰਨਿਆ ਜਾਂਦਾ ਹੈ। ਇਹ ਗੁਣ ਨਾ ਕੇਵਲ ਰੱਬ ਨਾਲ ਨੇੜਤਾ ਵਧਾਉਂਦਾ ਹੈ, ਬਲਕਿ ਸਮਾਜਕ ਜੀਵਨ ਵਿਚ ਵੀ ਇੱਜਤ ਅਤੇ ਆਦਰ ਦਵਾਉਂਦਾ ਹੈ। ਸੂਫੀ ਦਰਵੇਸ਼ ਅਜਿਹੇ ਲੋਕਾਂ ਨਾਲ ਵੀ ਨਰਮੀ ਅਤੇ ਨਿਮਰਤਾ ਨਾਲ ਪੇਸ਼ ਆਉਣ ਦੀ ਸਿਫਾਰਸ਼ ਕਰਦੇ ਹਨ ਜੋ ਅਜੇ ਰੱਬੀ ਰਸਤੇ ’ਤੇ ਨਹੀਂ ਆਏ, ਤਾਂ ਜੋ ਉਹ ਵੀ ਨੇਕੀ ਵਾਲੇ ਰਾਹ ਵੱਲ ਆ ਸਕਣ।
ਇਸ ਸਲੋਕ ਵਿਚ ਵੀ ਬਾਬਾ ਫਰੀਦ ਜੀ ਸਾਨੂੰ ਹੈਂਕੜ, ਹੰਕਾਰ ਤੇ ਖਰ੍ਹਵੇਪਨ ਨੂੰ ਛੱਡ ਕੇ ਨਿਮਰਤਾ ਧਾਰਨ ਕਰਨ ਦੀ ਸਿਖਿਆ ਦੇ ਰਹੇ ਹਨ। ਇਸ ਦੀ ਉਪਮਾ ਉਹ ‘ਦੱਭ’ ਨਾਲ ਕਰਦੇ ਹਨ। ਦੱਭ ਇਕ ਵਿਸ਼ੇਸ਼ ਕਿਸਮ ਦਾ ਖਰ੍ਹਵਾ ਘਾਹ ਹੈ, ਜਿਸ ਨੂੰ ਕੁਸ਼ਾ ਵੀ ਕਹਿੰਦੇ ਹਨ। ਇਹ ਘਾਹ ਪਵਿੱਤਰ ਮੰਨਿਆ ਜਾਂਦਾ ਹੈ। ਪੁਰਾਣੇ ਸਮਿਆਂ ਵਿਚ ਇਸ ਘਾਹ ਨੂੰ ਕੱਟ ਕੇ ਰਸਤੇ ਵਿਚ ਵਿਛਾ ਦਿੱਤਾ ਜਾਂਦਾ ਸੀ ਤਾਂ ਜੋ ਰਾਹਗੀਰਾਂ ਦੇ ਪੈਰਾਂ ਹੇਠ ਲਿਤੜਿਆ ਜਾ ਕੇ ਇਹ ਨਰਮ ਹੋ ਜਾਵੇ। ਜਦੋਂ ਇਹ ਘਾਹ ਛਿੱਜ ਜਾਂਦਾ ਸੀ, ਤਾਂ ਇਸ ਤੋਂ ਚਟਾਈਆਂ ਤਿਆਰ ਕੀਤੀਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਧਾਰਮਕ ਸਥਾਨਾਂ ਵਿਚ ਬੈਠਣ ਲਈ ਵਰਤਿਆ ਜਾਂਦਾ ਸੀ।
ਜਿਵੇਂ ਇਹ ਘਾਹ ਪੈਰਾਂ ਹੇਠ ਲਿਤਾੜ ਕੇ ਹੀ ਚਟਾਈਆਂ ਆਦਿ ਬਣਾਉਣ ਦੇ ਯੋਗ ਬਣਦਾ ਸੀ, ਉਸੇ ਤਰ੍ਹਾਂ ਮਨੁਖ ਵੀ ਨਿਮਰਤਾ ਅਪਣਾ ਕੇ ਹੀ ਰੱਬੀ ਨਜਰ ਵਿਚ ਕਬੂਲ ਹੋਣ ਦੇ ਯੋਗ ਬਣਦਾ ਹੈ। ਇਹ ਸਲੋਕ ਸਾਨੂੰ ਇਹ ਸਿਖ ਦੇ ਰਿਹਾ ਹੈ ਕਿ ਅਸਲ ਆਤਮਕ ਤਾਕਤ ਨਿਮਰਤਾ ਅਤੇ ਸਹਿਣਸ਼ੀਲਤਾ ਵਿਚ ਹੀ ਵਸਦੀ ਹੈ।
ਜਦ ਤਕ ਅਸੀਂ ਆਪਣੇ ਹੰਕਾਰ ਨੂੰ ਛੱਡ ਕੇ, ਛਿੱਜੇ ਹੋਏ ਦੱਭ ਵਾਂਗ ਨਿਮਰ ਤੇ ਸਹਿਣਸ਼ੀਲ ਨਹੀਂ ਬਣਦੇ, ਉਦੋਂ ਤਕ ਅਸੀਂ ਰੱਬ ਦੇ ਦਰ ’ਤੇ ਕਬੂਲ ਨਹੀਂ ਹੋ ਸਕਦੇ। ਦੱਭ ਇਥੇ ਸਿਰਫ ਇਕ ਘਾਹ ਨਹੀਂ, ਸਗੋਂ ਨਿਮਰਤਾ, ਤਿਆਗ ਅਤੇ ਸੇਵਾ ਦੀ ਜੀਵੰਤ ਮਿਸਾਲ ਹੈ।
ਅਸਲ ਰੂਹਾਨੀ ਉੱਚਾਈ ਤਾਂ ਤਦ ਹੀ ਮਿਲਦੀ ਹੈ ਜਦ ਅਸੀਂ ਆਪਣੇ ਆਪ ਨੂੰ ਛੋਟਾ ਮੰਨ ਕੇ, ਦੂਜਿਆਂ ਦੀ ਭਲਾਈ ਲਈ ਤਤਪਰ ਹੋਈਏ ਅਤੇ ਰੱਬੀ ਰਜ਼ਾ ਵਿਚ ਰਾਜੀ ਰਹੀਏ। ਨਿਮਰਤਾ ਰੱਬੀ ਰਾਹ ਦਾ ਦਰਵਾਜ਼ਾ ਹੈ — ਜੋ ਇਹ ਦਰਵਾਜ਼ਾ ਲੰਘਦੇ ਹਨ, ਉਹੀ ਦਰ ’ਤੇ ਪਹੁੰਚਦੇ ਹਨ।