Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ  ਕੂਕੇਦਿਆ ਚਾਂਗੇਦਿਆ   ਮਤੀ ਦੇਦਿਆ ਨਿਤ
ਜੋ ਸੈਤਾਨਿ ਵੰਞਾਇਆ   ਸੇ ਕਿਤ ਫੇਰਹਿ ਚਿਤ ॥੧੫॥
-ਗੁਰੂ ਗ੍ਰੰਥ ਸਾਹਿਬ ੧੩੭੮

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸਾਮੀ ਪਰੰਪਰਾ ਵਿਚ ਮੰਨਿਆ ਜਾਂਦਾ ਹੈ ਕਿ ਜਦ ਰੱਬ ਨੇ ਦੁਨੀਆ ਬਣਾਈ ਤਾਂ ਉਸ ਨੇ ਸਭ ਤੋਂ ਪਹਿਲਾਂ ਫਰਿਸ਼ਤੇ ਬਣਾਏ, ਫਿਰ ਮਨੁਖ ਬਣਾਇਆ। ਫਿਰ ਉਸ ਨੇ ਦੇਵਤਿਆਂ ਨੂੰ ਕਿਹਾ ਕਿ ਮਨੁਖ ਨੂੰ ਸਿਜਦਾ ਕਰੋ। ਬਾਕੀ ਸਾਰਿਆਂ ਨੇ ਹੁਕਮ ਮੰਨ ਲਿਆ ਪਰ ਇਕ ਨੇ ਨਾ ਮੰਨਿਆਂ। ਰੱਬ ਦੇ ਪੁੱਛਣ ’ਤੇ ਉਸ ਨੇ ਦੱਸਿਆ ਕਿ ਉਹ ਨੂਰ ਦਾ ਬਣਿਆ ਹੈ ਤੇ ਮਨੁਖ ਮਿੱਟੀ ਦਾ ਬਣਿਆ ਹੈ। ਇਸ ਲਈ ਉਹ ਮਿੱਟੀ ਨੂੰ ਸਿਜਦਾ ਕਿਉਂ ਕਰੇ। ਇਹ ਸੁਣ ਕੇ ਰੱਬ ਨੇ ਕਿਹਾ ਕਿ ਇਹ ਸ਼ੈਤਾਨ ਹੈ, ਜੋ ਰੱਬੀ ਹੁਕਮ ਤੋਂ ਮੁਨਕਰ ਹੈ। ਫਿਰ ਉਸ ਨੂੰ ਬਹਿਸ਼ਤ ਵਿਚੋਂ ਬਾਹਰ ਕੱਢ ਦਿਤਾ। ਸ਼ੈਤਾਨ ਨੇ ਪ੍ਰਣ ਕੀਤਾ ਕਿ ਮਨੁਖ ਕਰਕੇ ਉਸ ਨੂੰ ਬਹਿਸ਼ਤ ਵਿਚੋਂ ਬਾਹਰ ਕੱਢਿਆ ਗਿਆ ਹੈ, ਇਸ ਲਈ ਉਹ ਮਨੁਖ ਕੋਲੋਂ ਸਦਾ ਬਦਲਾ ਲੈਂਦਾ ਰਹੇਗਾ ਤੇ ਉਸ ਨੂੰ ਗੁਮਰਾਹ ਕਰਦਾ ਰਹੇਗਾ। ਫਿਰ ਰੱਬ ਨੇ ਮਨੁਖ ਨੂੰ ਤਾੜਨਾ ਕੀਤੀ ਕਿ ਉਹ ਕਦੇ ਵੀ ਸ਼ੈਤਾਨ ਦੀਆਂ ਗੱਲਾਂ ਵਿਚ ਨਾ ਆਵੇ ਤੇ ਰੱਬ ਦਾ ਹੁਕਮ ਮੰਨਦਾ ਰਹੇ। ਰੱਬ ਨੇ ਮਨੁਖ ਨੂੰ ਬਹਿਸ਼ਤ ਵਿਚ ਇਕ ਵਿਸ਼ੇਸ਼ ਫਲ ਖਾਣ ਤੋਂ ਰੋਕਿਆ ਤਾਂ ਸ਼ੈਤਾਨ ਨੇ ਉਸ ਨੂੰ ਗੁਮਰਾਹ ਕਰਕੇ ਉਹ ਫਲ ਖੁਆ ਦਿੱਤਾ। ਜਿਸ ਕਰਕੇ ਮਨੁਖ ਨੂੰ ਵੀ ਬਹਿਸ਼ਤ ਵਿਚੋਂ ਬਾਹਰ ਕੱਢ ਦਿੱਤਾ ਗਿਆ। ਸਾਮੀ ਮਨੌਤ ਹੈ ਕਿ ਉਦੋਂ ਤੋਂ ਹੀ ਸ਼ੈਤਾਨ ਮਨੁਖ ਨੂੰ ਵਖ-ਵਖ ਤਰੀਕਿਆਂ ਨਾਲ ਗੁਮਰਾਹ ਕਰਦਾ ਆ ਰਿਹਾ ਹੈ।

ਇਸੇ ਸੰਦਰਭ ਵਿਚ ਬਾਬਾ ਫਰੀਦ ਇਸ ਸਲੋਕ ਵਿਚ ਮਨੁਖ ਬਾਰੇ ਦੱਸ ਰਹੇ ਹਨ ਕਿ ਅਸਲ ਵਿਚ ਜਿਸ ਨੂੰ ਰੱਬ ਦੇ ਫਰਿਸ਼ਤੇ (ਸ਼ੈਤਾਨ) ਨੇ ਹੀ ਗੁਮਰਾਹ ਕਰ ਦਿੱਤਾ ਹੈ, ਉਸ ਨੂੰ ਹੋਰ ਕੌਣ ਸਿੱਧੇ ਰਾਹ ਪਾ ਸਕਦਾ ਹੈ। ਅਜਿਹੇ ਮਨੁਖ ਦੇ ਮਨ ਨੂੰ ਕੋਈ ਨਹੀਂ ਬਦਲ ਸਕਦਾ। ਜਿੰਨਾਂ ਮਰਜੀ ਕੋਈ ਰੌਲਾ ਪਾਈ ਜਾਵੇ, ਜਿੰਨਾਂ ਮਰਜੀ ਉੱਚੀ ਉੱਚੀ ਬੋਲ ਕੇ ਮੱਤਾਂ ਦੇਈ ਜਾਵੇ। ਅਜਿਹਾ ਕਹਿਣ ਦਾ ਭਾਵ ਇਹ ਹੈ ਕਿ ਕੋਈ ਜਿੰਨਾ ਮਰਜੀ ਜ਼ੋਰ ਲਾ ਲਵੇ, ਕਿਸੇ ’ਤੇ ਕੋਈ ਅਸਰ ਨਹੀਂ ਹੁੰਦਾ। ਕਿਸੇ ਨੂੰ ਕਹਿਣ ਸੁਣਨ ਦਾ ਕੋਈ ਫਾਇਦਾ ਨਹੀਂ ਹੁੰਦਾ।

ਸ਼ਾਇਦ ਇਥੇ ਬਾਬਾ ਫਰੀਦ ਇਸ ਗੱਲ ਵੱਲ ਧਿਆਨ ਦਿਵਾ ਰਹੇ ਹਨ ਕਿ ਸਿਰਫ ਰੱਬ ਹੀ ਹੈ, ਜੋ ਮਨੁਖ ਨੂੰ ਰਾਹੇ ਪਾ ਸਕਦਾ ਹੈ ਤੇ ਆਪਣੇ ਨਾਲ ਮਿਲਾ ਸਕਦਾ ਹੈ। ਉਸ ਦੀ ਮਿਹਰ ਬਿਨਾਂ ਮਨੁਖ ਦਾ ਸਮਝਣਾ, ਸੰਭਲਣਾ ਤੇ ਰੱਬ ਦੇ ਰਾਹ ਤੁਰਨਾ ਮੁਮਕਿਨ ਨਹੀਂ ਹੈ। ਸ਼ੈਤਾਨ ਦਾ ਗੁਮਰਾਹ ਕੀਤਾ ਮਨੁਖ ਆਪਣੀ ਸਿਆਣਪ ਨਾਲ ਨਹੀਂ ਸਮਝ ਸਕਦਾ। ਸਿਰਫ ਰੱਬੀ ਮਿਹਰ ਸਦਕਾ ਹੀ ਉਹ ਰਾਹੇ ਪੈ ਸਕਦਾ ਹੈ।
Tags