Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ  ਜਿਨੑ ਲੋਇਣ ਜਗੁ ਮੋਹਿਆ   ਸੇ ਲੋਇਣ ਮੈ ਡਿਠੁ
ਕਜਲ ਰੇਖ ਸਹਦਿਆ   ਸੇ ਪੰਖੀ ਸੂਇ ਬਹਿਠੁ ॥੧੪॥
-ਗੁਰੂ ਗ੍ਰੰਥ ਸਾਹਿਬ ੧੩੭੮

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਆਪਣੇ-ਆਪ ਨੂੰ ਮੁਖਾਤਬ ਹੋ ਕੇ ਦੱਸਦੇ ਹਨ ਕਿ ਜਿਹੜੀਆਂ ਅੱਖਾਂ ਨੇ ਸਾਰਾ ਸੰਸਾਰ ਮੋਹਿਆ ਹੋਇਆ ਸੀ ਜਾਂ ਜਿਹੜੀਆਂ ਅੱਖਾਂ ਨੂੰ ਦੇਖ ਕੇ ਲੋਕ ਮੋਹੇ ਜਾਂਦੇ ਸਨ, ਅੰਤ ਵੇਲੇ ਅਜਿਹੀਆਂ ਅੱਖਾਂ ਦਾ ਹਾਲ ਵੀ ਉਨ੍ਹਾਂ ਨੇ ਦੇਖਿਆ ਹੈ। ਜੁਆਨੀ ਵਿਚ ਮਨੁਖ ਦੇ ਜਿਹੜੇ ਨੈਣ-ਨਕਸ਼ ਬੇਹੱਦ ਚੰਗੇ ਲੱਗਦੇ ਹਨ, ਉਨ੍ਹਾਂ ਨੈਣ ਨਕਸ਼ਾਂ ਦੀ ਹੀ ਇਕ ਦਿਨ ਦੁਰਦਸ਼ਾ ਹੋ ਜਾਂਦੀ ਹੈ। ਫਿਰ ਦੱਸਿਆ ਹੈ ਕਿ ਜਿਹੜੀਆਂ ਅੱਖਾਂ ਏਨੀਆਂ ਕੋਮਲ ਹੁੰਦੀਆਂ ਸਨ, ਜਿਨ੍ਹਾਂ ਲਈ ਸੁਰਮਾ ਵੀ ਬਰਦਾਸ਼ਤ ਕਰਨਾ ਮੁਸ਼ਕਲ ਹੁੰਦਾ ਸੀ, ਉਨ੍ਹਾਂ ਅੱਖਾਂ ਦੀ ਇਕ ਨਾ ਇਕ ਦਿਨ ਅਜਿਹੀ ਦਸ਼ਾ ਹੋ ਜਾਂਦੀ ਹੈ ਕਿ ਉਨ੍ਹਾਂ ਅੱਖਾਂ ਵਿਚ ਪੰਛੀ ਆ ਕੇ ਆਂਡੇ ਦੇ ਦਿੰਦੇ ਹਨ। ਕਿਉਂਕਿ ਕੋਈ ਪਤਾ ਨਹੀਂ ਕਿਸੇ ਦਾ ਕਿਥੇ ਅੰਤ ਹੋ ਜਾਣਾ ਹੈ ਤੇ ਕਿਸੇ ਦੀ ਦੇਹੀ ਨੇ ਕਿਥੇ ਰੁਲਣਾ ਹੈ। ਇਸੇ ਤਰ੍ਹਾਂ ਰੁਲ ਰਹੀ ਮਿਰਤਕ ਦੇਹ ਦਾ ਦ੍ਰਿਸ਼ ਹੀ ਬਾਬਾ ਫਰੀਦ ਜੀ ਨੇ ਪੇਸ਼ ਕੀਤਾ ਹੈ, ਜਿਸ ਦੇ ਹੱਡੀਆਂ ਦੇ ਪਿੰਜਰ ਦੇ ਅੱਖਾਂ ਵਾਲੇ ਟੋਇਆਂ ਵਿਚ ਕਿਸੇ ਪੰਛੀ ਨੇ ਆ ਕੇ ਅੰਡੇ ਦੇ ਦਿੱਤੇ ਹੋਣ। ਇਸ ਲਈ ਯਾਦ ਰਖਣਾ ਚਾਹੀਦਾ ਹੈ ਕਿ ਦੁਨੀਆ ਦੀ ਹਰ ਸ਼ੈਅ ਨਾਸ਼ਵਾਨ ਹੈ। ਇਹ ਜਵਾਨੀ ਅਤੇ ਸੁੰਦਰਤਾ ਵੀ ਹਮੇਸ਼ਾ ਲਈ ਨਹੀ ਰਹਿ ਸਕਦੀ। ਸਦੀਵੀ ਰਹਿਣ ਵਾਲਾ ਹੈ ਕੇਵਲ ਪ੍ਰਭੂ ਅਤੇ ਉਸ ਦਾ ਨਾਮ ਹੈ।
Tags