Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਸਭਨਾ ਮਨ ਮਾਣਿਕ   ਠਾਹਣੁ ਮੂਲਿ ਮਚਾਂਗਵਾ
ਜੇ ਤਉ ਪਿਰੀਆ ਦੀ ਸਿਕ   ਹਿਆਉ ਠਾਹੇ ਕਹੀ ਦਾ ॥੧੩੦॥
-ਗੁਰੂ ਗ੍ਰੰਥ ਸਾਹਿਬ ੧੩੮੪

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਮਾਣਕ ਕੀਮਤੀ ਮੋਤੀ ਜਾਂ ਮਣਕੇ ਨੂੰ ਕਹਿੰਦੇ ਹਨ। ਉਂਝ ਹਰ ਕੀਮਤੀ ਸ਼ੈਅ ਨੂੰ ਵੀ ਮਾਣਕ ਕਹਿ ਲਿਆ ਜਾਂਦਾ ਹੈ। ਇਥੇ ਬਾਬਾ ਫਰੀਦ ਜੀ ਨੇ ਮਨੁਖ ਦੇ ਹਿਰਦੇ ਨੂੰ ਮਾਣਕ ਕਿਹਾ ਹੈ। ਇਸ ਸਲੋਕ ਵਿਚ ਬਾਬਾ ਫਰੀਦ ਜੀ ਦੱਸਦੇ ਹਨ ਕਿ ਹਰ ਮਨੁਖ ਦਾ ਮਨ ਕੀਮਤੀ ਮਣਕੇ ਜਾਂ ਮੋਤੀ ਜਿਹਾ ਹੁੰਦਾ ਹੈ। ਕਿਉਂਕਿ ਹਰ ਦਿਲ ਵਿਚ ਪ੍ਰਭੂ ਦਾ ਵਾਸਾ ਹੈ। ਮਨੁਖ ਪ੍ਰਭੂ ਦੀ ਕਿਰਤ ਹੈ ਤੇ ਕਰਤਾ ਆਪਣੀ ਕਿਰਤ ਵਿਚ ਨਿਵਾਸ ਰਖਦਾ ਹੈ। ਕਿਸੇ ਵੀ ਕਿਰਤ ਦਾ ਨੁਕਸਾਨ ਕਰਨਾ ਉਸ ਦੇ ਕਰਤਾ ਨੂੰ ਚੰਗਾ ਨਹੀਂ ਲੱਗਦਾ। ਜਿਹੜਾ ਕਰਤਾ ਆਪਣੀ ਕਿਰਤ ਵਿਚ ਵਸਿਆ ਹੋਵੇ, ਉਥੇ ਕਰਤਾ ਤੇ ਕਿਰਤ ਇਕਮਿਕ ਹੁੰਦੇ ਹਨ। ਇਸ ਲਈ ਕਿਸੇ ਦਾ ਵੀ ਦਿਲ ਤੋੜਨਾ ਬਿਲਕੁਲ ਵੀ ਚੰਗਾ ਨਹੀਂ ਹੈ। ਬੰਦੇ ਦਾ ਦਿਲ ਤੋੜਨਾ ਤੇ ਰੱਬ ਦਾ ਦਿਲ ਤੋੜਨਾ ਇਕ ਹੀ ਗੱਲ ਹੈ।

ਫਿਰ ਜੇ ਕੋਈ ਆਪਣੇ ਪਿਆਰੇ ਕਰਤੇ ਪ੍ਰਭੂ ਨੂੰ ਮਿਲਣਾ ਚਾਹੁੰਦਾ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਮਨੁਖ ਦਾ ਦਿਲ ਨਾ ਦੁਖਾਵੇ। ਇਸ ਨਾਲ ਪ੍ਰਭੂ ਖੁਸ਼ ਹੁੰਦਾ ਹੈ ਅਤੇ ਇਹੋ ਹੀ ਪਿਆਰੇ ਪ੍ਰਭੂ ਦੇ ਮਿਲਾਪ ਦਾ ਤਰੀਕਾ ਹੈ। ਬਾਬਾ ਫਰੀਦ ਜੀ ਦਾ ਇਹ ਅੰਤਮ ਸਲੋਕ, ਮਨੁਖ ਨੂੰ ਮਨੁਖ ਨਾਲ ਜੋੜ ਕੇ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਵਾਲੇ ਸਮਾਜ ਦੀ ਸਿਰਜਣਾ ਦਾ ਸੰਕੇਤ ਕਰਦਾ ਹੈ।

Tags