Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਇਕੁ ਫਿਕਾ ਗਾਲਾਇ   ਸਭਨਾ ਮੈ ਸਚਾ ਧਣੀ
ਹਿਆਉ ਕੈਹੀ ਠਾਹਿ   ਮਾਣਕ ਸਭ ਅਮੋਲਵੇ ॥੧੨੯॥
-ਗੁਰੂ ਗ੍ਰੰਥ ਸਾਹਿਬ ੧੩੮੪

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਬਾਬਾ ਫਰੀਦ ਜੀ ਇਸ ਸਲੋਕ ਵਿਚ ਦੱਸਦੇ ਹਨ ਕਿ ਸਾਰਿਆਂ ਦੇ ਦਿਲ ਵਿਚ ਪ੍ਰਭੂ ਆਪ ਵਸ ਰਿਹਾ ਹੈ। ਇਸ ਲਈ ਮਨੁਖ ਨੂੰ ਆਪਣੇ ਮੂੰਹੋਂ ਕਦੇ ਵੀ ਕੋਈ ਅਜਿਹਾ ਬੋਲ ਨਹੀ ਬੋਲਣਾ ਚਾਹੀਦਾ ਜਿਸ ਨਾਲ ਕਿਸੇ ਦਾ ਦਿਲ ਦੁਖੇ। ਜਦੋਂ ਕੋਈ ਕਿਸੇ ਨੂੰ ਮੰਦਾ ਬੋਲ ਬੋਲਦਾ ਹੈ ਤਾਂ ਮੰਦਾ ਸੁਨਣ ਵਾਲੇ ਦਾ ਦਿਲ ਟੁੱਟ ਜਾਂਦਾ ਹੈ। ਪਰ ਜਦੋਂ ਮਨੁਖ ਦੂਸਰਿਆਂ ਨਾਲ ਚੰਗੇ ਅਤੇ ਮਿੱਠ-ਬੋਲੜੇ ਸੁਭਾਅ ਨਾਲ ਵਿਚਰਦਾ ਹੈ ਤੇ ਕਿਸੇ ਦਾ ਦਿਲ ਨਹੀ ਦੁਖਾਉਂਦਾ ਤਾਂ ਕੁਦਰਤੀ ਦੂਸਰੇ ਵੀ ਉਸ ਨਾਲ ਚੰਗਾ ਸਲੂਕ ਕਰਦੇ ਹਨ। ਜਦੋਂ ਉਹ ਪ੍ਰਭੂ ਆਪ ਹੀ ਸਭ ਅੰਦਰ ਬੈਠਾ ਹੈ ਤਾਂ ਫਿਰ ਕਿਸੇ ਨੂੰ ਬੁਰਾ ਕਿਹਾ ਹੀ ਕਿਉਂ ਜਾਵੇ? ਇਸ ਤਰ੍ਹਾਂ ਜਦੋਂ ਸਾਰੇ ਆਪਣੇ ਆਪ ਨੂੰ ਸੰਵਾਰ ਕੇ ਆਪਣਾ ਸੁਭਾਅ ਠੀਕ ਕਰ ਲੈਣਗੇ ਤਾਂ ਇਹ ਸੰਸਾਰ ਸੁਖਾਂ ਦਾ ਘਰ ਬਣ ਜਾਵੇਗਾ।

ਫਿਰ ਦੁਬਾਰਾ ਬਾਬਾ ਫਰੀਦ ਜੀ ਇਹ ਦ੍ਰਿੜ ਕਰਵਾ ਰਹੇ ਹਨ ਕਿ ਕਿਸੇ ਦਾ ਵੀ ਦਿਲ ਨਹੀ ਤੋੜਨਾ ਚਾਹੀਦਾ। ਇਸ ਦਿਲ ਨੂੰ ਬੇਸ਼ਕੀਮਤੀ ਮੋਤੀ ਨਾਲ ਤਸ਼ਬੀਹ ਦੇ ਕੇ ਦੱਸਿਆ ਗਿਆ ਹੈ ਕਿ ਇਸ ਨੂੰ ਤੋੜਨਾ ਤਾਂ ਆਸਾਨ ਹੈ ਪਰ ਟੁੱਟੇ ਹੋਏ ਦਿਲ ਨੂੰ ਜੋੜਨਾ ਸੌਖਾ ਨਹੀ ਹੈ। ਇਸ ਲਈ ਸਮਝਾਇਆ ਗਿਆ ਕਿ ਜਿਥੋਂ ਤਕ ਹੋ ਸਕੇ ਕਿਸੇ ਦੀ ਦਿਲਜ਼ਾਰੀ ਨਾ ਹੋਵੇ।

Tags