ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਕਾਲਂੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ ॥
ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ ॥੧੨॥
-ਗੁਰੂ ਗ੍ਰੰਥ ਸਾਹਿਬ ੧੩੭੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਕਾਲੇ ਕੇਸ ਜਵਾਨੀ ਦਾ ਪ੍ਰਤੀਕ ਹਨ ਅਤੇ ਧਉਲੇ ਢਲ ਰਹੀ ਉਮਰ, ਅਰਥਾਤ ਬੁਢਾਪੇ ਦਾ। ਜਿਸ ਕਿਸਮ ਦੀ ਜੀਵਨ-ਜਾਚ ਮਨੁਖ ਦੀ ਜਵਾਨੀ ਵੇਲੇ ਹੁੰਦੀ ਹੈ, ਉਸੇ ਕਿਸਮ ਦੀ ਜੀਵ-ਜਾਚ ਦਾ ਪਰਛਾਵਾ ਬੁਢਾਪੇ ਵਿਚ ਵੀ ਹੁੰਦਾ ਹੈ। ਬੁਢਾਪੇ ਸਮੇਂ ਮਨੁਖ ਦੀਆਂ ਆਦਤਾਂ ਪੱਕ ਚੁੱਕੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਬਦਲਣਾ ਬਹੁਤ ਮੁਸ਼ਕਲ ਹੁੰਦਾ ਹੈ। ਦੂਜਾ ਸਰੀਰਕ ਸਮਰੱਥ ਘਟਣ ਲੱਗਦੀ ਹੈ ਤੇ ਕਈ ਤਰ੍ਹਾਂ ਦੇ ਮਾਨਸਕ ਵਿਕਾਰ ਵੀ ਪੈਦਾ ਹੋਣ ਲੱਗਦੇ ਹਨ। ਇਸੇ ਲਈ ਸਲੋਕ ਵਿਚ ਫਰੀਦ ਜੀ ਜਵਾਨੀ ਦੇ ਸਮੇਂ ਦੀ ਅਹਿਮੀਅਤ ਨੂੰ ਦਰਸਾਉਂਦੇ ਹੋਏ ਆਖਦੇ ਹਨ ਕਿ ਜਿੰਨ੍ਹਾਂ ਲੋਕਾਂ ਨੇ ਜਵਾਨੀ ਦੇ ਸਮੇਂ ਪ੍ਰਭੂ ਦੇ ਮਿਲਾਪ ਦਾ ਅਨੰਦ ਨਹੀਂ ਮਾਣਿਆ, ਅਰਥਾਤ, ਜਵਾਨੀ ਵੇਲੇ ਪ੍ਰਭੂ ਦੀ ਬੰਦਗੀ ਕਰ ਕੇ ਉਸ ਨੂੰ ਆਪਣੇ ਧੁਰ ਅੰਦਰੋਂ ਪ੍ਰਭੂ ਨੂੰ ਮਹਿਸੂਸ ਨਹੀਂ ਕੀਤਾ, ਉਨ੍ਹਾਂ ਵਿਚੋਂ ਕੋਈ ਟਾਵਾਂ ਹੀ ਬੁਢਾਪੇ ਵਿਚ ਪ੍ਰਭੂ ਦੀ ਬੰਦਗੀ ਕਰ ਕੇ ਆਪਣੇ ਅੰਦਰੋਂ ਪ੍ਰਭੂ ਨੂੰ ਮਹਿਸੂਸ ਕਰਦਾ, ਅਰਥਾਤ ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰਦਾ ਹੈ।
ਇਥੇ ਫਰੀਦ ਜੀ ਸਮੇਂ ਨੂੰ ਅਜਾਈ ਨਾ ਗਵਾਉਣ ਅਤੇ ਉਸ ਦਾ ਲਾਹਾ ਲੈਣ ਲਈ ਮਨੁਖ ਨੂੰ ਨਸੀਹਤ ਦਿੰਦੇ ਪ੍ਰਤੀਤ ਹੋ ਰਹੇ ਹਨ। ਫਰੀਦ ਜੀ ਮਨੁਖ ਨੂੰ ਤਾਕੀਦ ਕਰਦੇ ਹਨ ਉਹ ਜਵਾਨੀ ਵੇਲੇ ਹੀ ਪ੍ਰਭੂ ਨਾਲ ਆਪਣੀ ਪ੍ਰੀਤ ਪਾ ਲਵੇ। ਪ੍ਰਭੂ ਨਾਲ ਪਾਈ ਇਹ ਪ੍ਰੀਤ ਹਰ ਸਮੇ ਨਵੇਂ ਤੋਂ ਨਵੇਂ ਰੰਗ ਅਖਤਿਆਰ ਕਰਦੀ ਹੈ। ਇਸ ਦੀ ਤਾਜ਼ਗੀ ਹਮੇਸ਼ਾ ਬਰਕਰਾਰ ਰਹਿੰਦੀ ਹੈ।