ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਮਤਿ ਹੋਦੀ ਹੋਇ ਇਆਣਾ ॥
ਤਾਣ ਹੋਦੇ ਹੋਇ ਨਿਤਾਣਾ ॥
ਅਣਹੋਦੇ ਆਪੁ ਵੰਡਾਏ ॥
ਕੋ ਐਸਾ ਭਗਤੁ ਸਦਾਏ ॥੧੨੮॥
-ਗੁਰੂ ਗ੍ਰੰਥ ਸਾਹਿਬ ੧੩੮੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਸਮਝਾ ਰਹੇ ਹਨ ਕਿ ਪ੍ਰਭੂ ਦਾ ਭਗਤ ਕੌਣ ਅਖਵਾ ਸਕਦਾ ਹੈ? ਉਸ ਵਿਚ ਕਿਹੜੇ ਗੁਣ ਹੋਣੇ ਜਰੂਰੀ ਹਨ? ਪਹਿਲਾ ਗੁਣ ਇਹ ਹੈ ਕਿ ਜਗਿਆਸੂ ਸਭ ਕਾਸੇ ਦਾ ਗਿਆਨ ਹੋਣ ਦੇ ਬਾਵਜੂਦ ਆਪਣੇ ਗਿਆਨ ਦੀ ਪ੍ਰਦਰਸ਼ਨੀ ਨਾ ਕਰੇ। ਬਲਕਿ ਇਸ ਤਰ੍ਹਾਂ ਵਿਚਰੇ ਜਿਵੇਂ ਉਸ ਨੂੰ ਕੁਝ ਪਤਾ ਨਾ ਹੋਵੇ। ਜਾਣਕਾਰ ਹੁੰਦਾ ਹੋਇਆ ਵੀ, ਉਹ ਅਣਜਾਣ ਬਣਿਆ ਰਹੇ। ਇਸ ਦਾ ਅਰਥ ਇਹ ਬਿਲਕੁਲ ਨਹੀਂ ਹੈ ਕੁ ਜਗਿਆਸੂ ਸਿਆਣਾ ਹੋਣ ਦੇ ਬਾਵਜੂਦ ਮੂਰਖਾਂ ਵਾਲੇ ਕੰਮ ਕਰੇ। ਇਸ ਦਾ ਮਤਲਬ ਸਿਰਫ ਏਨਾ ਹੀ ਹੈ ਕਿ ਹੈ ਕਿ ਹਮੇਸ਼ਾ ਨਿਮਰਤਾ ਵਿਚ ਰਹੇ।
ਦੂਜਾ ਗੁਣ ਇਹ ਦੱਸਿਆ ਗਿਆ ਹੈ ਕਿ ਰੱਬੀ ਪਿਆਰਿਆਂ ਪਾਸ ਤਾਕਤ ਹੁੰਦੀ ਹੈ, ਪਰ ਉਹ ਇਸਦੀ ਨਾਜਾਇਜ਼ ਵਰਤੋਂ ਨਹੀ ਕਰਦੇ। ਹਰ ਤਰ੍ਹਾਂ ਦਾ ਬਲ ਹੁੰਦਿਆਂ ਹੋਇਆਂ ਵੀ ਉਹ ਬਲਹੀਣ ਹੋ ਕੇ ਵਿਚਰਦੇ ਹਨ, ਭਾਵ ਹਮੇਸ਼ਾ ਨਿਮਰਤਾ ਵਿਚ ਰਹਿੰਦੇ ਹਨ, ਨਾ ਤਾਂ ਉਹ ਆਪਣਾ ਆਪਾ ਜਣਾਉਂਦੇ ਹਨ ਅਤੇ ਨਾ ਦਿਖਾਉਂਦੇ ਹਨ।
ਆਪਣੇ ਕੋਲ ਕੁਝ ਹੁੰਦਿਆਂ ਵੰਡਣਾ ਤਾਂ ਸੌਖਾ ਹੈ ਪਰ ਰੱਬੀ ਪਿਆਰੇ ਤਾਂ ਸੇਵਾ ਭਾਵ ਤੋਂ ਇਹੋ ਜਿਹੇ ਹੁੰਦੇ ਹਨ ਕਿ ਜੇਕਰ ਉਨ੍ਹਾਂ ਦੇ ਪਾਸ ਕੋਈ ਕਿਸੇ ਤਰ੍ਹਾਂ ਦੀ ਸਹਾਇਤਾ ਲੈਣ ਆਵੇ ਤਾਂ ਜੇਕਰ ਉਨ੍ਹਾਂ ਪਾਸ ਕੁਝ ਨਾ ਵੀ ਹੋਵੇ ਤਾਂ ਉਹ ਆਪਣਾ ਆਪ, ਭਾਵ ਆਪਣਾ ਹਿੱਸਾ ਵੰਡ ਕੇ ਖੁਸ਼ ਹੁੰਦੇ ਹਨ।
ਸੋ ਬਾਬਾ ਫਰੀਦ ਜੀ ਸਮਝਾ ਰਹੇ ਹਨ ਕਿ ਨਿਰੀਆਂ ਗੱਲਾਂ ਜਾਂ ਭੇਖ ਨੂੰ ਧਾਰਨ ਕਰਕੇ ਕੋਈ ਭਗਤ ਨਹੀ ਬਣ ਜਾਂਦਾ। ਉਪਰੋਕਤ ਗੁਣਾਂ ਦਾ ਧਾਰਣੀ ਕੋਈ ਵਿਰਲਾ ਮਨੁਖ ਹੀ ਹੁੰਦਾ ਹੈ, ਜਿਸਨੂੰ ਰੱਬ ਦਾ ਭਗਤ ਕਿਹਾ ਜਾ ਸਕਦਾ ਹੈ।