Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਨਿਵਣੁ ਸੁ ਅਖਰੁ  ਖਵਣੁ ਗੁਣੁ   ਜਿਹਬਾ ਮਣੀਆ ਮੰਤੁ
ਤ੍ਰੈ ਭੈਣੇ ਵੇਸ ਕਰਿ   ਤਾਂ ਵਸਿ ਆਵੀ ਕੰਤੁ ॥੧੨੭॥
-ਗੁਰੂ ਗ੍ਰੰਥ ਸਾਹਿਬ ੧੩੮੪

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਬਾਬਾ ਫਰੀਦ ਜੀ ਨੇ ਪਿਛਲੇ ਸਲੋਕ ਵਿਚ ਪ੍ਰਭੂ-ਮਿਲਾਪ ਲਈ ਜਤਨਸ਼ੀਲ ਜਗਿਆਸੂ ਦੀ ਮਨੋ-ਅਵਸਥਾ ਬਿਆਨ ਕੀਤੀ ਸੀ, ਜੋ ਅਜਿਹੇ ਸਹਾਰਿਆਂ ਦੀ ਤਲਾਸ਼ ਵਿਚ ਸੀ, ਜਿਹੜੇ ਪ੍ਰਭੂ-ਮਿਲਾਪ ਵਿਚ ਸਹਾਈ ਹੋ ਸਕਣ। ਇਸ ਸਲੋਕ ਵਿਚ ਉਸ ਜਗਿਆਸੂ-ਸਖੀ ਨੂੰ ਰੱਬੀ ਮਿਲਾਪ ਹਾਸਲ ਕਰ ਚੁਕੀ ਇਕ ਅਨੁਭਵੀ-ਸਖੀ ਦੱਸਦੀ ਹੈ ਕਿ ਜੇਕਰ ਉਸਨੇ ਪ੍ਰਭੂ ਪਤੀ ਦੇ ਮਿਲਾਪ ਨੂੰ ਹਾਸਲ ਕਰਨਾ ਹੈ ਤਾਂ ਉਸਨੂੰ ਸਭ ਤੋਂ ਪਹਿਲਾਂ ਇਕ ਤਾਂ ਨਿਮਰਤਾ ਰੂਪੀ ਅੱਖਰ-ਗਿਆਨ ਨੂੰ ਧਾਰਣ ਕਰਨਾ ਪਵੇਗਾ। ਨਿਮਰਤਾ ਸਭ ਤੋਂ ਚੰਗਾ ਗੁਣ ਹੈ। ਜੋ ਮਨੁਖ ਆਪਣੇ ਵਿਚੋਂ ਹਉਮੈਂ ਨੂੰ ਹਟਾ ਕਿ ਹਲੀਮੀ ਵਾਲਾ ਸੁਭਾਅ ਅਪਣਾਉਦੇਂ ਹਨ, ਉਹੀ ਉੱਚਾ ਮਰਤਬਾ ਹਾਸਲ ਕਰਦੇ ਹਨ। ਦੂਜਾ ਰੱਬੀ ਮਿਲਾਪ ਵਾਸਤੇ ਸਹਿਣਸ਼ੀਲਤਾ ਦਾ ਗੁਣ ਵੀ ਜਗਿਆਸੂ ਨੂੰ ਆਪਣੇ ਅੰਦਰ ਧਾਰਣ ਕਰਨਾ ਪੈਣਾ ਹੈ। ਤੀਜੀ ਮਨੁਖ ਦੀ ਜ਼ੁਬਾਨ ਹੀ ਉਹ ਬੇਸ਼ਕੀਮਤੀ ਮਣੀ ਹੈ, ਜਿਸ ਨਾਲ ਅੰਮ੍ਰਿਤਮਈ ਮਿੱਠੇ ਬੋਲ ਬੋਲਣ ਸਦਕਾ ਮਾਲਕ ਪ੍ਰਭੂ ਦੇ ਹਿਰਦੇ ਵਿਚ ਆਪਣੀ ਥਾਂ ਬਣਾਈ ਜਾ ਸਕਦੀ ਹੈ ਤੇ ਉਸ ਨੂੰ ਆਪਣੇ ਹਿਰਦੇ ਵਿਚ ਵਸਾਇਆ ਜਾ ਸਕਦਾ ਹੈ। ਨਿਮਰਤਾ, ਸਹਿਣਸ਼ੀਲਤਾ ਅਤੇ ਮਿੱਠਾ ਬੋਲਣ ਦਾ ਵੇਸ ਜੋ ਧਾਰਨ ਕਰ ਲੈਂਦੇ ਹਨ ਉਨ੍ਹਾਂ ਨੂੰ ਹੀ ਪ੍ਰਭੂ ਪ੍ਰਾਪਤੀ ਹੁੰਦੀ ਹੈ।

Tags