Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਕਵਣੁ ਸੁ ਅਖਰੁ  ਕਵਣੁ ਗੁਣੁ   ਕਵਣੁ ਸੁ ਮਣੀਆ ਮੰਤੁ
ਕਵਣੁ ਸੁ ਵੇਸੋ ਹਉ ਕਰੀ   ਜਿਤੁ ਵਸਿ ਆਵੈ ਕੰਤੁ ॥੧੨੬॥
-ਗੁਰੂ ਗ੍ਰੰਥ ਸਾਹਿਬ ੧੩੮੪

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਇਕ ਇਸਤਰੀ ਆਪਣੀ ਸਹੇਲੀ ਨੂੰ ਪੁੱਛ ਰਹੀ ਹੈ ਕਿ ਉਹ ਕਿਹੜਾ ਸਾਧਨ, ਢੰਗ ਆਦਿ ਹੈ, ਜਿਸ ਸਦਕਾ ਆਪਣੇ ਪਤੀ ਨੂੰ ਵਸ ਵਿਚ ਕੀਤਾ ਜਾ ਸਕਦਾ ਹੈ। ਪਰ ਇਹ ਇਸ ਸਲੋਕ ਦੇ ਸ਼ਾਬਦਕ ਅਰਥ ਹੋ ਸਕਦੇ ਹਨ। ਦਰਅਸਲ ਇਸ ਸਲੋਕ ਵਿਚ ਮਾਲਕ ਪ੍ਰਭੂ ਦੇ ਮਿਲਾਪ ਲਈ ਤੜਫਦੇ ਜਗਿਆਸੂ ਦੀ ਮਨੋ-ਸਥਿਤੀ ਬਿਆਨ ਕੀਤੀ ਗਈ ਹੈ। ਉਹ ਪ੍ਰਭੂ-ਮਿਲਾਪ ਲਈ ਵਿਆਕੁਲ ਹੈ ਅਤੇ ਹਰ ਜਤਨ ਕਰਨ ਲਈ ਤਿਆਰ ਹੈ। ਸਭ ਤੋਂ ਪਹਿਲਾਂ ਬਾਬਾ ਫਰੀਦ ਜੀ ਉਸ ਜਗਿਆਸੂ ਰੂਪ ਵਿਚ ਕਿਸੇ ਅਜਿਹੇ ਅੱਖਰ-ਗਿਆਨ ਦੀ ਗੱਲ ਕਰ ਰਹੇ ਹਨ, ਜਿਸ ਨਾਲ ਪ੍ਰਭੂ ਹਿਰਦੇ ਵਿਚ ਸਮਾ ਸਕਦਾ ਹੋਵੇ ਜਾਂ ਜਿਹੜਾ ਪ੍ਰਭੂ ਨਾਲ ਨਾਤਾ ਜੋੜ ਦੇਵੇ। ਫਿਰ ਕਿਸੇ ਸ਼ਖਸੀ ਗੁਣ ਦੀ ਗੱਲ ਕੀਤੀ ਗਈ ਹੈ, ਜਿਸ ਨੂੰ ਆਪਣੇ ਕਿਰਦਾਰ ਦਾ ਹਿੱਸਾ ਬਣਾਉਣ ਨਾਲ ਪ੍ਰਭੂ ਦੀ ਨਜਰ ਵਿਚ ਕਬੂਲ ਹੋਇਆ ਜਾ ਸਕਦਾ ਹੋਵੇ।

ਫਿਰ ਉਹ ਕਿਸੇ ਅਜਿਹੀ ਮਣੀ ਅਤੇ ਮੰਤਰ ਜਾਂ ਮਣੀ ਜਿਹੇ ਮੰਤਰ ਦੀ ਪੁੱਛ ਕਰਦੇ ਹਨ, ਜਿਸ ਸਦਕਾ ਪ੍ਰਭੂ ਹਿਰਦੇ ਵਿਚ ਆ ਵਸੇ। ਮਣੀ ਦਾ ਇਕ ਅਰਥ ਸਰਵ-ਉੱਚ ਵਸਤੂ ਵੀ ਹੁੰਦਾ ਹੈ। ਇਸ ਲਈ ਬਾਬਾ ਫਰੀਦ ਕਿਸੇ ਮਣੀ ਰੂਪੀ ਮੰਤਰ, ਭਾਵ ਸ਼੍ਰੇਸ਼ਟ ਤੇ ਸ਼੍ਰੋਮਣੀ ਮੰਤਰ ਦੀ ਤਲਾਸ਼ ਕਰਦੇ ਹਨ, ਜਿਸ ਸਦਕਾ ਪ੍ਰਭੂ ਹਿਰਦੇ ਵਿਚ ਵਸ ਜਾਵੇ ਜਾਂ ਆਪਣਾ ਮਿਲਾਪ ਬਖਸ਼ ਦੇਵੇ। ਇਸ ਤੋਂ ਬਾਅਦ ਬਾਬਾ ਫਰੀਦ ਜੀ ਅਜਿਹੇ ਪਹਿਰਾਵੇ ਦੀ ਤਲਾਸ਼ ਵੱਲ ਸੰਕੇਤ ਕਰਦੇ ਹਨ, ਜਿਸ ਨਾਲ ਪ੍ਰਭੂ ਏਨਾ ਖੁਸ਼ ਹੋ ਜਾਵੇ ਕਿ ਉਹ ਆਪਣਾ ਪਿਆਰ ਨਿਛਾਵਰ ਕਰ ਦੇਵੇ ਭਾਵ ਕਿ ਪ੍ਰਭੂ ਹਿਰਦੇ ਵਿਚ ਆਣ ਵਸੇ।

ਸਮੁੱਚੇ ਰੂਪ ਵਿਚ ਬਾਬਾ ਫਰੀਦ ਜੀ ਪ੍ਰਭੂ-ਮਿਲਾਪ ਲਈ ਜਤਨਸ਼ੀਲ ਜਗਿਆਸੂ ਦੀ ਮਨੋ-ਸਥਿਤੀ ਬਿਆਨ ਕਰਦੇ ਹਨ, ਜੋ ਅਜਿਹੇ ਸਹਾਰੇ ਲੱਭਦਾ ਹੈ, ਜਿਹੜੇ ਪ੍ਰਭੂ-ਮਿਲਾਪ ਵਿਚ ਸਹਾਈ ਹੋ ਸਕਣ।

Tags