ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ ॥
ਇਹੁ ਤਨੁ ਲਹਰੀ ਗਡੁ ਥਿਆ ਸਚੇ ਤੇਰੀ ਆਸ ॥੧੨੫॥
ਗੁਰੂ ਗ੍ਰੰਥ ਸਾਹਿਬ ੧੩੮੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਹਰ ਭਾਸ਼ਾ ਵਿਚ ਕੁਝ ਸੰਖਿਆਵਾਂ ਮੁਹਾਵਰਾ ਬਣ ਜਾਂਦੀਆਂ ਹਨ, ਜਿਨ੍ਹਾਂ ਦਾ ਅਰਥ ਅਤੇ ਮਨੋਰਥ ਸੰਖਿਆਵਾਚਕ ਨਹੀਂ ਹੁੰਦਾ, ਬਲਕਿ ਬਹੁਲਤਾ ਜਾਂ ਅਨੰਤਤਾ ਵਾਚਕ ਹੁੰਦਾ ਹੈ। ਜਿਵੇਂ ਵੀਹ, ਪੰਜਾਹ, ਛੱਤੀ ਸੌ, ਹਜ਼ਾਰਾਂ, ਲੱਖਾਂ ਤੇ ਕਰੋੜਾਂ ਆਦਿ। ਅਸੀਂ ਅਕਸਰ ਲਖ-ਲਖ ਵਧਾਈ ਦਿੰਦੇ ਹਾਂ ਤੇ ਕੋਟਾਨ-ਕੋਟ ਧੰਨਵਾਦ ਕਰਦੇ ਹਾਂ। ਪੰਜਾਬੀ ਬੋਲਚਾਲ ਵਿਚ ਅਜਿਹੇ ਵਾਕ ਅਕਸਰ ਸੁਣੇ ਜਾ ਸਕਦੇ ਹਨ ਕਿ ‘ਤੈਨੂੰ ਵੀਹ ਵਾਰੀ ਦੇਖਿਆ,’ ‘ਤੈਨੂੰ ਪੰਜਾਹ ਵਾਰੀ ਦੱਸਿਆ,’ ‘ਤੈਨੂੰ ਸੌ ਵਾਰੀ ਸਮਝਾਇਆ,’ ‘ਤੇਰੇ ਵਰਗੇ ਛੱਤੀ ਸੌ ਦੇਖੇ,’ ‘ਤੇਰੇ ਵਰਗੇ ਹਜ਼ਾਰਾਂ ਫਿਰਦੇ,’ ‘ਲੱਖਾਂ ਲੋਕ ਆਏ ਤੇ ਲੱਖਾਂ ਚਲੇ ਗਏ ਆਦਿ। ਅਜਿਹੇ ਵਾਕਾਂ ਵਿਚ ਆਈ ਸੰਖਿਆ ਸਿਰਫ ਸੰਕੇਤਕ ਹੁੰਦੀ ਤੇ ਇਸ ਦੀ ਵਰਤੋਂ ਗੱਲ ਨੂੰ ਹੋਰ ਅਸਰਦਾਰ ਬਣਾਉਣ ਲਈ ਕੀਤੀ ਜਾਂਦੀ ਹੈ। ਬੇਸ਼ਕ ਕਈ ਵਿਦਵਾਨ ਸੰਖਿਆ ਦੀ ਅਜਿਹੀ ਸੰਕੇਤਕ ਵਰਤੋਂ ਦੀ ਗਿਣਤੀਵਾਚਕ ਵਿਆਖਿਆ ਵੀ ਕਰਦੇ ਹਨ। ਉਹ ਸਹੀ ਵੀ ਹੋ ਸਕਦੀ ਹੈ ਤੇ ਨਹੀਂ ਵੀ। ਪਰ ਉਸ ਦੀ ਮੁਹਾਵਰੇ ਵਜੋਂ ਕੀਤੀ ਗਈ ਸੰਕੇਤਕ ਵਿਆਖਿਆ ਵਧੇਰੇ ਖੂਬਸੂਰਤ ਹੁੰਦੀ ਹੈ।
ਇਸ ਸਲੋਕ ਵਿਚ ਅਜਿਹਾ ਹੀ ਦ੍ਰਿਸ਼ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਇਕ ਸਰੋਵਰ ਹੈ, ਜਿਥੇ ਇਕ ਪੰਛੀ ਹੈ, ਜਿਸ ਨੂੰ ਕਿੰਨੇ ਹੀ ਸ਼ਿਕਾਰੀ ਆਪਣੇ ਜਾਲ ਵਿਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਪਸ਼ਟ ਹੈ ਕਿ ਦੋ ਚਾਰ ਸ਼ਿਕਾਰੀ ਉਸ ਪੰਛੀ ਨੂੰ ਆਪਣੇ ਜਾਲ ਵਿਚ ਫਸਾਉਣ ਵਿਚ ਅਸਫਲ ਹੋ ਸਕਦੇ ਹਨ। ਪਰ ਜਿਥੇ ਪੰਜਾਹ ਸ਼ਿਕਾਰੀ ਹੋਣ ਉਥੇ ਉਸ ਪੰਛੀ ਦਾ ਬਚਣਾ ਮੁਸ਼ਕਲ ਹੈ ਤੇ ਫਸਣਾ ਯਕੀਨਨ ਹੈ।
ਫਿਰ ਦੱਸਿਆ ਹੈ ਕਿ ਜਿਵੇਂ ਸਰੋਵਰ ਵਿਚ ਲਹਿਰਾਂ ਪੈਦਾ ਹੁੰਦੀਆਂ ਰਹਿੰਦੀਆਂ ਹਨ, ਇਸੇ ਤਰ੍ਹਾਂ ਹੀ ਮਨੁਖ ਦੀ ਦੇਹੀ ਦੇ ਅੰਦਰ ਮਨ ਹੈ ਤੇ ਮਨ ਵਿਚ ਵੀ ਹਮੇਸ਼ਾ ਕਈ ਕਿਸਮ ਦੇ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਇਹ ਉਤਰਾਅ ਚੜਾਅ ਉਤਸ਼ਾਹ ਵਰਧਕ ਵੀ ਹੁੰਦੇ ਹਨ ਤੇ ਨਿਰਉਤਸ਼ਾਹਤ ਕਰਨ ਵਾਲੇ ਵੀ ਹੁੰਦੇ ਹਨ। ਜਿਸ ਤਰ੍ਹਾਂ ਸਰੋਵਰ ਦੇ ਕਿਨਾਰੇ ’ਤੇ ਅਨੇਕ ਸ਼ਿਕਾਰੀ ਇਕੱਲੇ ਪੰਛੀ ਨੂੰ ਆਪਣੇ ਜਾਲ ਵਿਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਬਿਲਕੁਲ ਓਸੇ ਤਰ੍ਹਾਂ ਹੀ ਮਨੁਖ ਦਾ ਮਨ ਚਿੰਤਾਜਨਕ ਵਿਸ਼ੇ-ਵਿਕਾਰਾਂ ਦੀਆਂ ਸੋਚਾਂ ਵਿਚ ਘਿਰ ਜਾਂਦਾ ਹੈ ਤੇ ਇਹ ਸੋਚਾਂ ਵੀ ਮਨ ਨੂੰ ਸ਼ਿਕਾਰੀਆਂ ਦੀ ਤਰ੍ਹਾਂ ਆਪੋ-ਆਪਣੇ ਜਾਲ ਵਿਚ ਫਸਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਇਸ ਸਥਿਤੀ ਵਿਚੋਂ ਬਚਾਉਣ ਵਾਲਾ ਸਿਰਫ ਸੱਚ-ਸਰੂਪ ਪ੍ਰਭੂ ਹੀ ਹੈ। ਉਸ ਦੇ ਬਗੈਰ ਉਸ ਨੂੰ ਹੋਰ ਕੋਈ ਬਚਾਉਣ ਵਾਲਾ ਨਹੀਂ ਹੈ। ਇਸ ਲਈ ਬਾਬਾ ਫਰੀਦ ਜੀ ਕਹਿ ਰਹੇ ਹਨ ਕਿ ਉਕਤ ਸਥਿਤੀ ਵਿਚੋਂ ਬਚਣ ਲਈ ਹੇ ਪ੍ਰਭੂ! ਮੈਨੂੰ ਤੇਰੀ ਹੀ ਇਕ ਆਸ, ਤੇਰਾ ਹੀ ਇਕ ਓਟ-ਆਸਰਾ ਹੈ ਕਿ ਤੂੰ ਹੀ ਮੈਂਨੂੰ ਇਨ੍ਹਾਂ ਵਿਕਾਰਾਂ ਰੂਪੀ ਲਹਿਰਾਂ ਤੋਂ ਬਚਾ ਸਕਦਾ ਹੈਂ।