Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਮੈ ਜਾਣਿਆ ਵਡ ਹੰਸੁ ਹੈ   ਤਾਂ ਮੈ ਕੀਤਾ ਸੰਗੁ
ਜੇ ਜਾਣਾ ਬਗੁ ਬਪੁੜਾ   ਜਨਮਿ ਭੇੜੀ ਅੰਗੁ ॥੧੨੩॥
-ਗੁਰੂ ਗ੍ਰੰਥ ਸਾਹਿਬ ੧੩੮੪

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਗੁਰੂ ਅਮਰਦਾਸ ਜੀ ਇਸ ਸਲੋਕ ਵਿਚ, ਬਾਬਾ ਫਰੀਦ ਦੇ ੧੧੯ਵੇਂ ਸਲੋਕ ਦੇ ਪਰਥਾਏ ਸਮਝਾ ਰਹੇ ਹਨ ਕਿ ਪਖੰਡੀ, ਝੂਠੇ ਤੇ ਮਕਾਰ ਬਗਲਿਆਂ ਨੂੰ ਪਿਆਰ ਦੇ ਵਡੇ ਦਾਅਵੇ ਕਰਦੇ ਦੇਖ ਕੇ ਉਨ੍ਹਾਂ ਨੂੰ ਭੁਲੇਖਾ ਲੱਗ ਗਿਆ ਕਿ ਸ਼ਾਇਦ ਇਹ ਹੰਸ ਜਿਹੇ ਸੱਚੇ-ਸੁੱਚੇ ਪ੍ਰੇਮ ਭਾਵ ਵਾਲੇ ਲੋਕ ਹੋਣਗੇ। ਇਸ ਲਈ ਉਹ ਵੀ ਉਨ੍ਹਾਂ ਦੇ ਪ੍ਰਭਾਵ ਵਿਚ ਆ ਗਏ ਤੇ ਉਨ੍ਹਾਂ ਦੇ ਮਗਰ ਲੱਗ ਗਏ। 

ਫਿਰ ਉਹ ਦੱਸਦੇ ਹਨ ਕਿ ਜਦ ਉਨ੍ਹਾਂ ਨੇ ਉਨ੍ਹਾਂ ਨੂੰ ਡੁੱਬਦਿਆਂ ਦੇਖਿਆ ਤਾਂ ਪਤਾ ਲੱਗਿਆ ਕਿ ਉਹ ਹੰਸ ਜਿਹੇ ਸੱਚੇ-ਸੁੱਚੇ ਸਿਦਕੀ ਨਹੀਂ ਹਨ, ਬਲਕਿ ਉਹ ਬਗਲਿਆਂ ਜਿਹੇ ਝੂਠੇ, ਦੰਭੀ, ਪਖੰਡੀ ਅਤੇ ਮਕਾਰ ਹਨ। ਜੇ ਉਨ੍ਹਾਂ ਦੀ ਇਸ ਅਸਲੀਅਤ ਦਾ ਪਹਿਲਾਂ ਪਤਾ ਹੁੰਦਾ ਤਾਂ ਉਹ ਜੀਵਨ ਭਰ ਕਦੇ ਵੀ ਉਨ੍ਹਾਂ ਨਾਲ ਸਾਂਝ ਨਾ ਰਖਦੇ ਤੇ ਉਨ੍ਹਾਂ ਦੇ ਨੇੜੇ ਤਕ ਨਾ ਜਾਂਦੇ। ਪਿਆਰ ਤੇ ਭਗਤੀ ਦੀਆਂ ਡੀਂਗਾਂ ਮਾਰਨ ਵਾਲੇ ਸੱਚੇ ਸਿਦਕੀ ਨਹੀਂ ਹੁੰਦੇ ਤੇ ਸੱਚੇ ਸਿਦਕੀ ਪਿਆਰੇ ਹਮੇਸ਼ਾ ਨਿਮਰ ਭਾਵ ਵਿਚ ਰਹਿੰਦੇ ਹਨ ਤੇ ਪਿਆਰ ਦੇ ਵਡੇ-ਵਡੇ ਵਿਖਾਵੇ ਨਹੀਂ ਕਰਦੇ।

Tags