Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਹੰਸਾ ਦੇਖਿ ਤਰੰਦਿਆ   ਬਗਾ ਆਇਆ ਚਾਉ
ਡੁਬਿ ਮੁਏ ਬਗ ਬਪੁੜੇ   ਸਿਰੁ ਤਲਿ ਉਪਰਿ ਪਾਉ ॥੧੨੨॥
-ਗੁਰੂ ਗ੍ਰੰਥ ਸਾਹਿਬ ੧੩੮੪

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਫਰੀਦ ਜੀ ਦੇ ੧੧੯ਵੇਂ ਸਲੋਕ ਦੇ ਪ੍ਰਸੰਗ ਵਿਚ ਗੁਰੂ ਸਾਹਿਬ ਸਮਝਾਉਦੇ ਹਨ ਕਿ ਰੱਬੀ ਗੁਣਾਂ ਵਾਲੇ ਨਾਮ ਰਸੀਏ ਦਰਵੇਸ਼ਾਂ ਨੂੰ ਆਤਮਕ ਮੰਡਲ ਦੀਆਂ ਉਡਾਰੀਆਂ ਭਰਦਿਆਂ ਵੇਖ ਕੇ ਭੇਖੀ ਸਾਧਕਾਂ ਦੇ ਦਿਲ ਵਿਚ ਆਉਂਦੀ ਹੈ ਕਿ ਹੁਣ ਉਨ੍ਹਾਂ ਨੇ ਵੀ ਦਰਵੇਸ਼ਾਂ ਵਾਲਾ ਭੇਖ ਧਾਰਨ ਕਰ ਲਿਆ ਹੈ ਅਤੇ ਇਸ ਨਾਲ ਉਹ ਭਵ-ਸਾਗਰ ਤੋਂ ਭਾਵ ਵਿਸ਼ੇ-ਵਿਕਾਰਾਂ ਤੋਂ ਮੁਕਤ ਹੋ ਜਾਣਗੇ। ਪਰ ਅਜਿਹਾ ਕੁਝ ਵੀ ਨਹੀ ਹੁੰਦਾ, ਸਗੋਂ ਵਿਕਾਰਾਂ ਵਿਚ ਖੁੱਬ ਕੇ ਆਪਣਾ ਜੀਵਨ ਅਜਾਈ ਗਵਾ ਦਿੰਦੇ ਹਨ।

ਇਸ ਸਲੋਕ ਵਿਚ ਗੁਰੂ ਸਾਹਿਬ ਨੇ ਰੱਬੀ ਗੁਣਾਂ ਦੇ ਧਾਰਨੀ ਭਗਤਾਂ ਵਾਸਤੇ ‘ਹੰਸ’ ਸ਼ਬਦ ਵਰਤਿਆ ਹੈ ਅਤੇ ਭੇਖੀ ਸਾਧਕਾਂ ਵਾਸਤੇ ‘ਬਗ’ ਭਾਵ ਬਗਲਾ ਸ਼ਬਦ ਵਰਤਿਆ ਗਿਆ ਹੈ। ਦੋਨਾਂ ਦਾ ਦੇਖਣ ਨੂੰ ਪਹਿਰਾਵਾ ਤਾਂ ਇਕੋ ਜਿਹਾ ਹੀ ਹੈ ਪਰ ਦੋਨਾਂ ਦੇ ਸੁਭਾਅ ਵਿਚ ਜਮੀਨ ਅਸਮਾਨ ਦਾ ਫਰਕ ਹੈ। ਹੰਸਾਂ ਵਰਗੇ ਰੱਬੀ ਭਗਤ ਤਾਂ ਭਜਨ-ਬੰਦਗੀ ਦੁਆਰਾ ਜਨਮ-ਮਰਨ ਤੋਂ ਰਹਿਤ ਹੋ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਹਨ। ਇਨ੍ਹਾਂ ਤਾਰੂਆਂ ਵੱਲ ਵੇਖ ਕੇ ਭੇਖੀ ਦੇ ਮਨ ਵਿਚ ਵੀ ਖਿਆਲ ਆਉਂਦਾ ਹੈ ਕਿ ਮੈਂ ਵੀ ਤਾਂ ਇਨ੍ਹਾਂ ਵਰਗਾ ਹੀ ਰੂਪ ਵਟਾਇਆ ਹੈ, ਮੈਂ ਵੀ ਜਰੂਰ ਪਾਰ ਲੰਘ ਜਾਵਾਂਗਾ ਪਰ ਅਜਿਹਾ ਹੁੰਦਾ ਨਹੀ ਹੈ। ਉਸ ਬਗਲੇ ਦੀ ਤਰ੍ਹਾਂ ਜੋ ਤਾਰੂ ਨਹੀਂ ਸੀ ਪਰ ਹੰਸ ਨਾਲ ਆਪਣਾ ਮਿਲਦਾ ਪਹਿਰਾਵਾ ਵੇਖ ਕੇ ਉਹ ਸਾਗਰ ਵਿਚ ਤਰਨ ਲੱਗਦਾ ਹੈ ਤੇ ਡੁੱਬ ਕੇ ਮਰ ਜਾਂਦਾ ਹੈ। ਇਸੇ ਤਰ੍ਹਾਂ ਭੇਖੀ ਅਗਿਆਨਤਾ ਦੇ ਕਾਰਨ ਵਿਕਾਰਾਂ ਵਿਚ ਹੀ ਡੁੱਬ ਕੇ ਜੀਵਨ ਵਿਆਰਥ ਗਵਾ ਦਿੰਦਾ ਹੈ।

Tags