ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨੑਿ ॥
ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨੑਿ ॥੧੧੯॥
-ਗੁਰੂ ਗ੍ਰੰਥ ਸਾਹਿਬ ੧੩੮੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਜਦੋਂ ਕਿਸੇ ਪ੍ਰੇਮੀ ਦੇ ਦਿਲ ਅੰਦਰ ਪਿਆਰ ਦੀ ਚੰਗਿਆੜੀ ਭਾਂਬੜ ਬਣ ਕੇ ਮੱਚਦੀ ਹੈ ਤਾਂ ਉਸ ਅੰਦਰ ਇਕੋ ਹੀ ਖਿਆਲ ਭਾਰੂ ਹੁੰਦਾ ਹੈ ਕਿ ਉਹ ਆਪਣੇ ਪਿਆਰੇ ਦਾ ਦਰਸ ਹਾਸਲ ਕਰੇ। ਉਸ ਅੰਦਰ ਪਿਆਰੇ ਨੂੰ ਮਿਲਣ ਦੀ ਤਾਂਘ ਸਦਕਾ ਹਰ ਰੁਕਾਵਟ ਦੂਰ ਕਰਨ ਦੀ ਸਮਰੱਥਾ ਵੀ ਉਪਜ ਪੈਂਦੀ ਹੈ। ਸੱਚੀ ਤਾਂਘ ਸਮਰੱਥਾ ਵਿਚ ਤਬਦੀਲ ਹੋ ਜਾਂਦੀ ਹੈ। ਫਿਰ ਸਰੀਰਕ ਕਮਜ਼ੋਰੀ ਜਾਂ ਬਿਮਾਰੀ ਵੀ ਰੁਕਾਵਟ ਨਹੀਂ ਬਣਦੀ। ਇਸ ਲਈ ਉਸ ਨੂੰ ਜਿੰਨਾ ਮਰਜੀ ਕਸ਼ਟ ਵੀ ਉਠਾਉਣਾ ਪਵੇ, ਉਹ ਖਿੜੇ ਮੱਥੇ ਤਿਆਰ ਹੁੰਦਾ ਹੈ।
ਇਸ ਸਲੋਕ ਵਿਚ ਵੀ ਬਾਬਾ ਫਰੀਦ ਜੀ ਨੇ ਇਕ ਜਗਿਆਸੂ ਦੀ ਤਸਵੀਰ ਖਿੱਚੀ ਹੈ, ਜੋ ਰੱਬੀ ਮਿਲਾਪ ਲਈ ਕੁਝ ਵੀ ਕਰਨ ਨੂੰ ਤਿਆਰ ਹੈ। ਪ੍ਰੇਮ ਵਿਚ ਪੂਰਨ ਸਮਰਪਿਤ ਹੋ ਚੁੱਕਾ ਜਗਿਆਸੂ ਪ੍ਰਭੂ-ਮਿਲਾਪ ਵਾਸਤੇ ਬਹੁਤ ਬਿਹਬਲ ਹੁੰਦਾ ਹੈ, ਉਸ ਨੂੰ ਨਾ ਦਿਨੇ ਚੈਨ ਨਾ ਰਾਤ ਨੂੰ ਸਕੂਨ। ਉਸ ਅੰਦਰ ਬਸ ਇਕੋ ਹੀ ਵਿਚਾਰ ਚਲ ਰਿਹਾ ਹੁੰਦਾ ਹੈ ਕਿ ਕਿਵੇ ਨਾ ਕਿਵੇ, ਕੋਈ ਉਸ ਨੂੰ ਪ੍ਰਭੂ ਨਾਲ ਮਿਲਾ ਦੇਵੇ। ਇਸ ਲਈ ਉਹ ਹਰ ਤਰ੍ਹਾਂ ਦਾ ਸਾਧਨ ਅਪਨਾਉਣ ਤੇ ਕਸ਼ਟ ਸਹਾਰਨ ਲਈ ਤਿਆਰ ਹੁੰਦਾ ਹੈ। ਉਸ ਦਾ ਇਹ ਸਮਰਪਣ ਇਥੋਂ ਤਕ ਚਲਾ ਜਾਂਦਾ ਹੈ ਕਿ ਜੇ ਉਸ ਦੇ ਸਰੀਰ ਨੂੰ ਤੰਦੂਰ ਵਾਂਗ ਤਪਾ ਕੇ, ਹੱਡਾਂ ਨੂੰ ਬਾਲਣ ਦੀ ਥਾਂ ਵਰਤ ਕੇ ਵੀ ਪ੍ਰਾਪਤੀ ਹੁੰਦੀ ਹੋਵੇ ਤਾਂ ਜਗਿਆਸੂ ਇਸ ਲਈ ਵੀ ਤਿਆਰ ਹੈ। ਇਥੋਂ ਤਕ ਜੇ ਪ੍ਰਭੂ ਮਾਰਗ ’ਤੇ ਟੁਰਦਿਆਂ ਪੈਰ ਥਕ ਜਾਣ ਤਾਂ ਜਗਿਆਸੂ ਸਿਰ ਦੇ ਭਾਰ ਚੱਲਣ ਲਈ ਵੀ ਤਿਆਰ ਹੈ, ਬਸ ਉਸ ਨੂੰ ਰੱਬੀ ਮਿਲਾਪ ਹਾਸਲ ਹੋ ਜਾਵੇ। ਉਹ ਕਿਸੇ ਵੀ ਹਾਲਤ ਵਿਚ ਆਪਣੇ ਪਿਆਰੇ ਪ੍ਰੀਤਮ-ਪ੍ਰਭੂ ਨੂੰ ਮਿਲੇ ਬਗੈਰ ਰਹਿ ਨਹੀਂ ਸਕਦਾ। ਪ੍ਰਭੂ-ਮਿਲਾਪ ਦੀ ਇਹੋ ਤੀਬਰ ਭਾਵਨਾ ਬਾਬਾ ਫਰੀਦ ਜੀ ਦੇ ਇਸ ਸਲੋਕ ਵਿਚ ਦਿਸ ਰਹੀ ਹੈ।