ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਅਖੀ ਦੇਖਿ ਪਤੀਣੀਆਂ ਸੁਣਿ ਸੁਣਿ ਰੀਣੇ ਕੰਨ ॥
ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ ॥੧੧॥
-ਗੁਰੂ ਗ੍ਰੰਥ ਸਾਹਿਬ ੧੩੭੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਕੁਦਰਤ ਵਿਚ ਹੋ ਰਹੀ ਲਗਾਤਾਰ ਤਬਦੀਲੀ ਬਾਰੇ ਸੁਚੇਤ ਕਰਦੇ ਹਨ ਕਿ ਦੁਨੀਆ ਦੇ ਰੰਗ-ਤਮਾਸ਼ੇ ਦੇਖ-ਦੇਖ ਕੇ ਅੱਖਾਂ ਦੇਖਣ ਤੋਂ ਅਸਮਰੱਥ ਹੋ ਗਈਆਂ ਹਨ। ਭਾਵ, ਨਜਰ ਕਮਜ਼ੋਰ ਹੋ ਗਈ ਹੈ। ਇਸੇ ਤਰ੍ਹਾਂ ਦੁਨੀਆ ਦੇ ਰੌਲੇ-ਰੱਪੇ ਤੇ ਗੱਲਾਂ-ਬਾਤਾਂ ਸੁਣ-ਸੁਣ ਕੇ ਕੰਨ ਵੀ ਅੱਕ-ਥੱਕ ਗਏ ਹਨ ਤੇ ਸੁਣਨ ਤੋਂ ਆਕੀ ਹੋ ਗਏ ਹਨ। ਭਾਵ, ਸਰੀਰਕ ਸਮਰੱਥਾ ਸਮਾਪਤ ਹੋ ਗਈ ਹੈ। ਜਿਵੇਂ ਪਹਿਲਾਂ ਬਚਪਨ, ਫਿਰ ਜੁਆਨੀ ਤੇ ਅੰਤ ’ਤੇ ਬੁਢਾਪਾ ਆਉਂਦਾ ਹੈ। ਇਸ ਦੌਰਾਨ ਬਾਹਰੀ ਰੂਪ ਵਿਚ ਕਈ ਸਰੀਰਕ ਬਦਲਾਅ ਆਉਂਦੇ ਹਨ। ਇਸ ਕਿਸਮ ਦੇ ਹੀ ਸਰੀਰਕ ਬਦਲਾਅ ਦਾ ਜਿਕਰ ਫਰੀਦ ਜੀ ਪਿਛਲੇ ਨੌਵੇਂ ਸਲੋਕ ਵਿਚ ਦਾਹੜੀ ਭੂਰੀ ਹੋਣ ਦੇ ਰਾਹੀਂ ਸੰਕੇਤ ਰਾਹੀਂ ਕਰਦੇ ਹਨ। ਜਿਵੇਂ ਫਸਲ ਪੱਕਣ ’ਤੇ ਵੱਢ ਲਈ ਜਾਂਦੀ ਹੈ, ਉਸੇ ਤਰ੍ਹਾਂ ਮਨੁਖ ਦਾ ਸਰੀਰ ਵੀ ਪੱਕਣ ਵੱਲ ਵਧ ਰਿਹਾ ਹੈ। ਜਦੋਂ ਇਹ ਪੱਕ ਜਾਣਾ ਹੈ ਜਾਂ ਮੁਕੰਮਲ ਹੋ ਜਾਣਾ ਹੈ, ਉਸ ਦਿਨ ਫਸਲ ਰੂਪੀ ਇਹ ਦੇਹੀ ਵੱਢੀ ਜਾਣੀ ਹੈ। ਭਾਵ, ਉਸ ਦੇ ਸਰੀਰਕ ਅੰਗਾਂ ਨੇ ਕੰਮ ਕਰਨਾ ਬੰਦ ਕਰ ਦੇਣਾ ਹੈ ਤੇ ਉਸ ਦਾ ਅੰਤ ਹੋ ਜਾਣਾ ਹੈ। ਅਸਲ ਵਿਚ ਇਹ ਇਕ ਚਿਤਾਵਨੀ ਹੈ ਕਿ ਮਨੁਖ ਨੂੰ ਤੇਜ਼ੀ ਨਾਲ ਬੀਤ ਰਹੇ ਸਮੇਂ ਦਾ ਲਾਹਾ ਲੈਂਦੇ ਹੋਏ ਪ੍ਰਭੂ-ਪਿਆਰ ਤੇ ਸਿਮਰਨ ਵਿਚ ਰਹਿੰਦੇ ਹੋਏ ਜੀਵਨ ਬਸਰ ਕਰਨਾ ਚਾਹੀਦਾ ਹੈ।