Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ  ਦਰਵੇਸੀ ਗਾਖੜੀ   ਚੋਪੜੀ ਪਰੀਤਿ
ਇਕਨਿ ਕਿਨੈ ਚਾਲੀਐ   ਦਰਵੇਸਾਵੀ ਰੀਤਿ ॥੧੧੮॥
-ਗੁਰੂ ਗ੍ਰੰਥ ਸਾਹਿਬ ੧੩੮੪

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸਲਾਮ ਵਿਚ, ਜਿਹੜਾ ਰੱਬ ਦੀ ਪ੍ਰੀਤ ਅਤੇ ਪ੍ਰਾਪਤੀ ਲਈ ਆਪਣਾ ਸਭ ਕੁਝ ਤਿਆਗ ਦਿੰਦਾ ਹੈ ਤੇ ਜਿਉਂਦੇ ਰਹਿਣ ਲਈ ਲੋਕਾਂ ਦੇ ਦਰ ਤੋਂ ਮੰਗ ਕੇ, ਜੋ ਮਿਲੇ, ਖਾ ਲੈਂਦਾ ਹੈ, ਉਸ ਨੂੰ ਫਕੀਰ ਕਹਿੰਦੇ ਹਨ। ਇਹ ਅਕਸਰ ਲੋਕਾਂ ਦੇ ਦਰ ਮੋਹਰੇ ਮੰਗਣ ਲਈ ਖੜ੍ਹੇ ਰਹਿੰਦੇ ਹਨ, ਇਸ ਕਰਕੇ ਇਨ੍ਹਾਂ ਨੂੰ, ਦਰ ’ਤੇ ਆਉਣ ਵਾਲੇ ਦਰਵੇਸ਼ ਵੀ ਕਿਹਾ ਜਾਂਦਾ ਹੈ।

ਦਰਵੇਸ਼ ਕੁਝ ਪ੍ਰਾਪਤ ਕਰਨ ਦੇ ਲੋਭੀ ਨਹੀਂ ਹੁੰਦੇ, ਬਲਕਿ ਉਹ ਆਪਣੀ ਹਉਮੈ ਮਾਰਨ ਲਈ, ਸਭ ਕੁਝ ਤਿਆਗਣ ਦਾ ਸੁਭਾਅ ਰਖਦੇ ਹਨ। ਹਉਮੈ ਮਾਰੇ ਬਿਨਾਂ ਰੱਬ ਨਹੀਂ ਮਿਲਦਾ ਤੇ ਹਉਮੈ ਮਾਰਨ ਲਈ ਸਬਰ, ਸਿਦਕ, ਨਿਮਰਤਾ ਆਦਿ ਦੀ ਲੋੜ ਪੈਂਦੀ ਹੈ। ਅਜਿਹਾ ਕਰਨਾ ਅਤੇ ਜਰਨਾ ਸੌਖਾ ਨਹੀਂ ਹੁੰਦਾ। ਇਸ ਸੰਦਰਭ ਵਿਚ ਬਾਬਾ ਫਰੀਦ ਜੀ ਦੱਸਦੇ ਹਨ ਕਿ ਦਰਵੇਸ਼ੀ ਬੇਹੱਦ ਮੁਸ਼ਕਲ ਹੈ। ਦਰਵੇਸ਼ ਨੂੰ ਲੋਕਾਂ ਦੇ ਬੋਲ ਕੁਬੋਲ ਤੇ ਤਾਹਨੇ ਮਿਹਣੇ ਇਸ ਤਰਾਂ ਬਰਦਾਸ਼ਤ ਕਰਨੇ ਪੈਂਦੇ ਹਨ, ਜਿਵੇਂ ਭੱਖੜਾ ਖਾਣਾ ਹੋਵੇ। ਭੱਖੜੇ ਦੇ ਚਾਰੇ ਪਾਸੇ ਬਰੀਕ ਅਤੇ ਸਖਤ ਕੰਡੇ ਹੁੰਦੇ ਹਨ, ਜਿਸ ਨੂੰ ਖਾਣ ਬਾਰੇ ਸੋਚਣਾ ਵੀ ਬੇਹੱਦ ਕਸ਼ਟਦਾਇਕ ਹੁੰਦਾ ਹੈ।

ਆਮ ਤੌਰ ਤੇ ਬਹੁਤਾਤ ਵਿਚ ਦੇਖਣ ਵਿਚ ਆਉਂਦਾ ਹੈ ਕਿ ਲੋਕ ਪ੍ਰਭੂ ਨਾਲ ਦਿਖਾਵੇ ਦੀ ਪ੍ਰੀਤ ਤਾਂ ਪਾਉਂਦੇ ਹਨ ਪਰ ਪਿਆਰੇ ਦੇ ਅਨੁਸਾਰ ਆਪਣੀ ਜੀਵਨ ਜਾਚ ਨਹੀ ਬਦਲਦੇ। ਇਸਦਾ ਕਾਰਨ ਇਹ ਹੈ ਕਿ ਦਰਵੇਸ਼ੀ ਦੀ ਜੋ ਅਸਲ ਰੀਤ ਜਾਂ ਰਵਾਇਤ ਹੈ, ਉਸ ਅਨੁਸਾਰ ਚਲਣਾ ਹਰ ਕਿਸੇ ਦੇ ਵਸ ਵਿਚ ਨਹੀਂ ਹੈ। ਅਜਿਹੀ ਰੀਤ ਅਨੁਸਾਰ ਕੋਈ ਵਿਰਲਾ ਹੀ ਚੱਲ ਸਕਦਾ ਹੈ। ਜਿਵੇਂ ਚੋਪੜੀ ਰੋਟੀ ਉਪਰੋਂ ਤਾਂ ਥਿੰਦੀ ਹੁੰਦੀ ਹੈ ਪਰ ਵਿਚੋਂ ਖੁਸ਼ਕ ਹੀ ਰਹਿੰਦੀ ਹੈ, ਇਸੇ ਤਰ੍ਹਾਂ ਬਹੁਤੇ ਲੋਕਾਂ ਦਾ ਪ੍ਰਭੂ ਨਾਲ ਪ੍ਰੇਮ ਵੀ ਚੋਪੜੀ ਰੋਟੀ ਵਰਗਾ ਹੈ, ਉਹ ਬਾਹਰੋਂ ਧਰਮੀ ਹੋਣ ਦਾ ਦਿਖਾਵਾ ਤਾਂ ਕਰਦੇ ਹਨ ਪਰ ਉਨ੍ਹਾਂ ਅੰਦਰ ਸਬਰ, ਸੰਤੋਖ ਆਦਿ ਗੁਣਾਂ ਦੀ ਕਮੀ ਹੁੰਦੀ ਹੈ। ਅੰਦਰੋ ਬਾਹਰੋਂ ਰੱਬੀ ਗੁਣਾਂ ਨਾਲ ਇਕਮਿਕ ਹੋਣ ਵਾਲੇ ਮਨੁਖ ਵਿਰਲੇ ਹੀ ਹੁੰਦੇ ਹਨ।

Tags