ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ ॥
ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ ॥੧੧੭॥
-ਗੁਰੂ ਗ੍ਰੰਥ ਸਾਹਿਬ ੧੩੮੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਦੱਸਿਆ ਗਿਆ ਹੈ ਕਿ ਜੇ ਕੋਈ ਬੰਦਾ ਸਬਰ-ਸੰਤੋਖ ਉੱਤੇ ਦ੍ਰਿੜਤਾ ਨਾਲ ਪਹਿਰਾ ਦੇਵੇ ਤਾਂ ਇਹ ਬੜਾ ਹੀ ਸੁਆਦਲਾ ਹੈ। ਅਖਾਣ ਵੀ ਹੈ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ। ਬੇਸ਼ਕ ਇਥੇ ਮਿੱਠੇ ਤੋਂ ਭਾਵ ਖਾਣੇ ਵਾਲਾ ਮਿੱਠਾ ਸੁਆਦ ਨਹੀਂ ਹੈ। ਇਥੇ ਮਿੱਠੇ ਤੋਂ ਭਾਵ ਲਾਭਦਾਇਕ ਤੇ ਦਿਲਚਸਪ ਹੈ। ਸਬਰ ਜੀਵਨ ਲਈ ਲਾਭਦਾਇਕ ਵੀ ਸਿਧ ਹੁੰਦਾ ਹੈ ਤੇ ਦਿਲਚਸਪ ਵੀ। ਅਸਲ ਵਿਚ ਸਬਰ ਕੋਈ ਕਮਜੋਰੀ ਨਹੀਂ, ਇਕ ਤਾਕਤ ਅਤੇ ਸਮਰੱਥਾ ਹੈ, ਜੋ ਮਨੁਖ ਨੂੰ ਜੀਵਨ ਵਿਚ ਸਫਲਤਾ ਦੇ ਰਾਹ ਤੁਰਨਾ ਸਿਖਾਉਂਦੀ ਹੈ। ਰੱਬੀ-ਮਿਲਾਪ ਵਿਚ ਖਾਸ ਤੌਰ ਪਰ ਸਬਰ ਦਾ ਵਡਾ ਯੋਗਦਾਨ ਹੁੰਦਾ ਹੈ। ਸਬਰ-ਸੰਤੋਖ ਬਗੈਰ ਮਨੁਖ ਕਿਸੇ ਵੀ ਮੰਜ਼ਿਲ ’ਤੇ ਨਹੀਂ ਪੁੱਜ ਸਕਦਾ। ਇਸ ਤਰ੍ਹਾਂ ਸਬਰ ਬੰਦੇ ਨੂੰ ਵੀ ਅੱਕਣ, ਥੱਕਣ ਅਤੇ ਟੁੱਟਣ ਤੋਂ ਬਚਾਉਂਦਾ ਹੈ ਤੇ ਸਿਦਕੀ ਸਾਧਕ ਨੂੰ ਸਫਲਤਾ ਤਕ ਲੈ ਕੇ ਜਾਂਦਾ ਹੈ।
ਬਾਬਾ ਫਰੀਦ ਦੱਸਦੇ ਹਨ ਸਬਰ-ਸੰਤੋਖ ਵਾਲੇ ਲੋਕਾਂ ਦੀ ਜੀਵਨ ਧਾਰਾ ਵਧ ਕੇ ਦਰਿਆ ਵਾਂਗ ਠਾਠਾਂ ਮਾਰਨ ਲੱਗਦੀ ਹੈ ਤੇ ਟੁੱਟ ਕੇ ਨਾਲੇ ਵਾਂਗ ਨਹੀਂ ਵਹਿੰਦੀ। ਸਬਰ ਵਿਹੂਣੇ ਲੋਕਾਂ ਦੀ ਜੀਵਨ ਧਾਰਾ ਤੰਗ ਹੁੰਦੀ ਹੈ ਤੇ ਸਬਰ-ਸੰਤੋਖ ਵਾਲਿਆਂ ਦਾ ਜੀਵਨ ਵਗਦਾ ਦਰਿਆ ਹੁੰਦਾ ਹੈ। ਸਬਰ ਮਨੁਖ ਨੂੰ ਵਿਸ਼ਾਲ ਹਿਰਦੇ ਦਾ ਮਾਲਕ ਬਣਾਉਂਦਾ ਹੈ ਤੇ ਇਹੀ ਵਿਸ਼ਾਲਤਾ ਰੱਬੀ ਰਾਹ ਵਿਚ ਸਹਾਈ ਹੁੰਦੀ ਹੈ। ਸਬਰ-ਸੰਤੋਖ ਤੇ ਸ਼ੁਕਰ ਕਰਨ ਵਾਲੇ ਲੋਕ ਇਸ ਤਰ੍ਹਾਂ ਰੱਬ ਨੂੰ ਜਾ ਮਿਲਦੇ ਹਨ ਤੇ ਖੁਦ ਰੱਬੀ ਰੂਪ ਹੋ ਜਾਂਦੇ ਹਨ, ਜਿਵੇਂ ਨਦੀਆਂ ਸਾਗਰ ਵਿਚ ਮਿਲ ਕੇ ਸਾਗਰ ਦਾ ਰੂਪ ਹੀ ਹੋ ਜਾਂਦੀਆਂ ਹਨ।