Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਢੂਢੇਦੀਏ ਸੁਹਾਗ ਕੂ   ਤਉ ਤਨਿ ਕਾਈ ਕੋਰ
ਜਿਨੑਾ ਨਾਉ ਸੁਹਾਗਣੀ   ਤਿਨੑਾ ਝਾਕ ਹੋਰ ॥੧੧੪॥
-ਗੁਰੂ ਗ੍ਰੰਥ ਸਾਹਿਬ ੧੩੮੪

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਦੱਸ ਰਹੇ ਹਨ ਕਿ ਇਕ ਜਗਿਆਸੂ ਰੂਪ ਇਸਤਰੀ ਆਪਣੇ ਸੁਹਾਗ ਨੂੰ ਲੱਭ ਰਹੀ ਹੈ। ਇਸ ਸਲੋਕ ਵਿਚ ਉਸ ਜਗਿਆਸੂ ਨੂੰ ਦੱਸਿਆ ਗਿਆ ਹੈ ਕਿ ਉਸ ਦੀ ਮਨੋਸਥਿਤੀ ਜਾਂ ਮਨੋਬਿਰਤੀ ਵਿਚ ਹੀ ਕੋਈ ਘਾਟ ਜਾਂ ਦੋਸ਼ ਹੈ, ਜਿਸ ਕਰਕੇ ਉਸ ਨੂੰ ਮਾਲਕ ਪ੍ਰਭੂ ਦੀ ਭਾਲ ਕਰਨੀ ਪੈ ਰਹੀ ਹੈ। 

ਪਰ ਜਿਹੜੇ ਆਤਮ-ਵਿਸ਼ਵਾਸੀ ਸੁਹਾਗਣਾ ਜਿਹੇ ਸਾਧਕ ਹੁੰਦੇ ਹਨ, ਉਨ੍ਹਾਂ ਨੂੰ ਅੰਦਰ ਹੀ ਸੁਹਾਗ ਰੂਪੀ ਪ੍ਰਭੂ ਵਸਿਆ ਮਹਿਸੂਸ ਹੁੰਦਾ ਹੈ। ਇਸ ਲਈ ਉਨ੍ਹਾਂ ਨੂੰ ਸੁਹਾਗ ਰੂਪ ਪ੍ਰਭੂ ਦੀ ਭਾਲ ਕਿਤੇ ਬਾਹਰ ਨਹੀਂ ਕਰਨੀ ਪੈਂਦੀ। ਉਹ ਆਪਣੇ-ਆਪ ਵਿਚ ਪਰਿਪੂਰਣ ਹੁੰਦੇ ਹਨ। ਉਨ੍ਹਾਂ ਵਿਚ ਕੋਈ ਘਾਟ ਨਹੀਂ ਹੁੰਦੀ। ਰੱਬ ਦੇ ਰਾਹ ਦੀਆਂ ਸੁਹਾਗਣਾ ਹੀ ਉਹ ਹੁੰਦੀਆਂ ਹਨ ਜਿਨ੍ਹਾਂ ਨੂੰ ਹਿਰਦੇ ਅੰਦਰ ਪ੍ਰਭੂ ਦਾ ਵਾਸਾ ਮਹਿਸੂਸ ਹੁੰਦਾ ਹੈ। ਉਹ ਫਿਰ ਕਿਤੇ ਬਾਹਰ ਨਹੀਂ ਭਟਕਦੀਆਂ।

Tags