ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਮਃ ੫ ॥
ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ ॥
ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ ॥੧੦੯॥
-ਗੁਰੂ ਗ੍ਰੰਥ ਸਾਹਿਬ ੧੩੮੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਜੀਵਨ ਵਿਚ ਜਿਹੜੀ ਹਾਲਤ ਕਿਸੇ ਨੂੰ ਸੌਖੀ ਮਹਿਸੂਸ ਹੁੰਦੀ ਹੈ, ਉਸ ਨੂੰ ਉਹ ਸੁਖ ਮੰਨ ਲੈਂਦਾ ਹੈ ਤੇ ਜਿਹੜੀ ਹਾਲਤ ਔਖੀ ਮਹਿਸੂਸ ਹੁੰਦੀ ਹੈ, ਉਸ ਨੂੰ ਉਹ ਦੁਖ ਮੰਨ ਲੈਂਦਾ ਹੈ। ਜੀਵਨ ਦੇ ਸਫਰ ਵਿਚ ਉਤਰਾ-ਚੜ੍ਹਾਅ ਆਉਂਦੇ ਹੀ ਰਹਿੰਦੇ ਹਨ। ਕੁਝ ਹਾਲਤਾਂ ਸੌਖੀਆਂ ਲੱਗਦੀਆਂ ਹਨ ਤੇ ਕੁਝ ਮੁਸ਼ਕਲ ਮਹਿਸੂਸ ਹੁੰਦੀਆਂ ਹਨ। ਪਰ ਇਨ੍ਹਾਂ ਹਾਲਤਾਂ ਤੇ ਸਮਿਆਂ ਨੂੰ ਦੁਖ ਅਤੇ ਸੁਖ ਵਜੋਂ ਦੇਖਣਾ ਮਹਿਜ਼ ਗਲਤਫਹਿਮੀ ਹੈ। ਅਸਲ ਵਿਚ ਇਹ ਮਨੁਖ ਦੀ ਮਨੋਦਸ਼ਾ ’ਤੇ ਨਿਰਭਰ ਕਰਦਾ ਹੈ। ਗਿਆਨਮਈ ਮਨੋਅਵਸਥਾ ਵਿਚ ਜੀਵਨ ਦੇ ਉਤਰਾ-ਚੜ੍ਹਾਅ ਦੀ ਸਮਝ ਆ ਜਾਂਦੀ ਹੈ। ਇਸ ਨਾਲ ਦੁਖ ਅਤੇ ਸੁਖ ਵਿਚਲਾ ਫਰਕ ਮਿਟ ਜਾਂਦਾ ਹੈ।
ਇਸ ਸਲੋਕ ਵਿਚ ਗੁਰੁ ਅਰਜਨ ਸਾਹਿਬ ਸਮਝਾ ਰਹੇ ਹਨ ਕਿ ਰੱਬ ਦੀ ਬੰਦਗੀ ਕਰਨ ਦੇ ਨਾਲ ਨਾਲ ਇਹ ਵੀ ਬਹੁਤ ਜਰੂਰੀ ਹੈ ਕਿ ਮਨੁਖ ਆਪਣੇ ਮਨ ਨੂੰ ਵਾਸ਼ਨਾ ਅਤੇ ਤ੍ਰਿਸ਼ਨਾ ਤੋਂ ਮੁਕਤ ਕਰ, ਦੁਖ-ਸੁਖ ਨੂੰ ਰੱਬ ਤੋਂ ਮਿਲੀ ਇਕ ਸਮਾਨ ਦਾਤ ਸਮਝਦਿਆਂ ਹੋਇਆ ਜੀਵਨ ਬਤੀਤ ਕਰੇ। ਇਨ੍ਹਾਂ ਦੋ ਗੁਣਾਂ ਤੋਂ ਬਿਨਾਂ ਇਕ ਤੀਜਾ ਗੁਣ ਵੀ ਮਨੁਖ ਵਿਚ ਹੋਣਾ ਬਹੁਤ ਜਰੂਰੀ ਹੈ, ਫਿਰ ਹੀ ਉਹ ਰੱਬੀ ਦਰਬਾਰ ਵਿਚ ਪ੍ਰਵਾਨ ਚੜ੍ਹ ਸਕਦਾ ਹੈ।
ਤੀਜੇ ਗੁਣ ਦੀ ਗੱਲ ਕਰਦਿਆਂ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਜਿਹੜਾ ਮਨੁਖ ਇਹ ਮੰਨ ਲਵੇ ਕਿ ਪ੍ਰਭੂ ਜੋ ਵੀ ਕਰਦਾ ਹੈ ਚੰਗਾ ਹੀ ਕਰਦਾ ਹੈ ਜਾਂ ਇਹ ਕਹਿ ਲਵੋ ਕਿ ਜਿਹੜਾ ਮਨੁਖ ਆਪਣੀ ਮਰਜੀ ਨੂੰ ਪ੍ਰਭੂ ਦੀ ਰਜ਼ਾ ਵਿਚ ਲੀਨ ਕਰ ਦਿੰਦਾ ਹੈ ਅਤੇ ਜੀਵਨ ਦੀ ਹਰ ਅਵਸਥਾ ਨੂੰ ਭਲਾ ਕਰਕੇ ਜਾਣਦਾ ਹੈ, ਉਸਨੂੰ ਹੀ ਰੱਬੀਦਰਬਾਰ ਵਿਚ ਥਾਂ ਮਿਲੇਗੀ,ਭਾਵ ਉਸਦੀ ਪ੍ਰਭੂ ਹੁਕਮ ਵਿਚ ਸਮਰਪਨ ਭਾਵਨਾ ਹੀ ਉਸਨੂੰ ਪਰਵਾਨਗੀ ਦਵਾਉਂਦੀ ਹੈ।