ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਮਃ ੫ ॥
ਫਰੀਦਾ ਕੰਤੁ ਰੰਗਾਵਲਾ ਵਡਾ ਵੇਮੁਹਤਾਜੁ ॥
ਅਲਹ ਸੇਤੀ ਰਤਿਆ ਏਹੁ ਸਚਾਵਾਂ ਸਾਜੁ ॥੧੦੮॥
-ਗੁਰੂ ਗ੍ਰੰਥ ਸਾਹਿਬ ੧੩੮੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਗੁਰੂ ਅਰਜਨ ਸਾਹਿਬ ਨੇ ਇਸ ਸਲੋਕ ਵਿਚ ਉਸ ਇਕ ਕੰਤ ਜਾਂ ਮਾਲਕ ਬਾਰੇ ਦੱਸਿਆ ਹੈ, ਜਿਹੜਾ ਬਹੁਰੰਗੇ ਸੁਭਾਅ ਵਾਲਾ ਹੈ। ਸਲੋਕ ਦੀ ਦੂਜੀ ਤੁਕ ਤੋਂ ਪਤਾ ਲੱਗਦਾ ਹੈ ਕਿ ਇਹ ਗੱਲ ਪ੍ਰਭੂ ਦੀ ਹੋ ਰਹੀ ਹੈ। ਕਿਉਂਕਿ ਉਹੀ ਸਭ ਕਾਸੇ ਦਾ ਅਸਲ ਮਾਲਕ ਜਾਂ ਕੰਤ ਹੈ। ਉਸ ਦੀ ਸਿਰਜੀ ਹੋਈ ਕੁਦਰਤ ਬਹੁਭਾਂਤੀ ਹੈ ਤੇ ਕੁਦਰਤ ਦੀ ਕੋਈ ਵੀ ਵੰਨਗੀ ਅਜਿਹੀ ਨਹੀਂ ਜਿਸ ਵਿਚ ਉਸ ਦਾ ਵਾਸਾ ਨਾ ਹੋਵੇ। ਅਸਲ ਵਿਚ ਜਦ ਉਸ ਦੇ ਬਿਨਾਂ ਕੁਝ ਹੋਰ ਹੈ ਹੀ ਨਹੀਂ ਤਾਂ ਇਹ ਬਹੁਰੰਗੀ ਕੁਦਰਤ ਵੀ ਉਸ ਦਾ ਹੀ ਰੂਪ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਬਹੁਭਾਂਤੀ ਕੁਦਰਤ ਦੀ ਸਿਰਜਣਾ ਕਰਨ ਵਾਲਾ ਆਪ ਵੀ ਬਹੁਭਾਂਤੀ ਹੀ ਹੋ ਸਕਦਾ ਹੈ। ਇਸ ਲਈ ਉਸ ਨੂੰ ਕਿਸੇ ਇਕ ਰੂਪ ਰੰਗ ਤਕ ਸੀਮਤ ਕਰਕੇ ਦੇਖਣਾ ਅਗਿਆਨਤਾ ਹੈ।
ਅਕਸਰ ਦੇਖਿਆ ਜਾਂਦਾ ਹੈ ਕਿ ਹਰ ਮਨੁਖ ਦੀ ਪ੍ਰਕਿਰਤੀ ਅਲੱਗ ਹੁੰਦੀ ਹੈ। ਜਿਸ ਕਰਕੇ ਹਰ ਕੋਈ ਹਰ ਕਿਸੇ ਨੂੰ ਇਕ ਹੀ ਪ੍ਰਕਿਰਤੀ ਵਿਚ ਦੇਖਣਾ ਚਾਹੁੰਦਾ ਹੈ। ਕੋਈ ਮਨੁਖ ਆਪਣੀ ਪ੍ਰਕਿਰਤੀ ਤੋਂ ਵਖਰਾ ਪੇਸ਼ ਆਵੇ ਤਾਂ ਉਸ ਨੂੰ ਹੈਰਾਨੀ ਨਾਲ ਦੇਖਿਆ ਜਾਂਦਾ ਹੈ। ਇਸ ਲਈ ਹਰ ਕੋਈ ਹਮੇਸ਼ਾ ਇਕੋ ਜਿਹਾ ਪੇਸ਼ ਆਉਣ ਦੀ ਕੋਸ਼ਿਸ਼ ਕਰਦਾ ਹੈ। ਮਾਲਕ ਪ੍ਰਭੂ ਦੀ ਕੋਈ ਮਜਬੂਰੀ ਨਹੀਂ ਕਿ ਉਹ ਆਪਣੇ ਕਿਸੇ ਇਕ ਹੀ ਸੁਭਾਅ ਵਿਚ ਰਹੇ ਤੇ ਨਾ ਹੀ ਉਸ ਨੂੰ ਕਿਸੇ ਹੋਰ ਦੀ ਕੋਈ ਮੁਥਾਜਗੀ ਹੈ ਕਿ ਉਹ ਉਨ੍ਹਾਂ ਲਈ ਹਮੇਸ਼ਾ ਉਨ੍ਹਾਂ ਦੀ ਪਸੰਦ ਮੁਤਾਬਕ ਹੀ ਪੇਸ਼ ਆਵੇ। ਉਹ ਏਨਾ ਅਜ਼ਾਦ ਹੈ ਕਿ ਉਹ ਕਿਸੇ ਦੇ ਵੀ ਅਧੀਨ ਨਹੀਂ ਹੈ। ਇਸ ਮਾਮਲੇ ਵਿਚ ਉਸ ਦਾ ਕੋਈ ਮੁਕਾਬਲਾ ਹੀ ਨਹੀਂ।
ਜਿਹੜਾ ਵੀ ਕੋਈ ਸੱਜਣ ਮਨੁਖ ਪ੍ਰਭੂ-ਅੱਲਾ ਨੂੰ ਹਮੇਸ਼ਾ-ਹਮੇਸ਼ਾ ਲਈ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ, ਉਸ ਦੀ ਪ੍ਰਕਿਰਤੀ ਵੀ ਪ੍ਰਭੂ ਦੀ ਤਰ੍ਹਾਂ ਸੱਤਵਾਦੀ ਹੋ ਜਾਂਦੀ ਹੈ। ਉਸ ਸੱਜਣ ਪੁਰਸ਼ ਦੇ ਅੰਦਰ ਵੀ ਉਸ ਰੰਗਾਵਲੇ ਪ੍ਰਭੂ ਵਾਲੇ ਗੁਣ ਸਮਾ ਜਾਂਦੇ ਹਨ। ਉਹ ਵੀ ਪ੍ਰਭੂ ਵਾਲੀ ਵੰਨ-ਸੁਵੰਨਤਾ ਦਾ ਧਾਰਨੀ ਹੋ ਜਾਂਦਾ ਹੈ ਤੇ ਉਸ ਅੰਦਰੋਂ ਇਕਰੰਗ, ਉਕਤਾਹਟ ਅਤੇ ਨੀਰਸਤਾ ਖਤਮ ਹੋ ਜਾਂਦੀ ਹੈ। ਉਸ ਦੀ ਹਸਤੀ ਸਚਿਆਰੇ ਗੁਣਾ ਨਾਲ ਭਰਪੂਰ ਹੋ ਜਾਂਦੀ ਹੈ।