Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ  ਪਿਛਲ ਰਾਤਿ ਜਾਗਿਓਹਿ   ਜੀਵਦੜੋ ਮੁਇਓਹਿ
ਜੇ ਤੈ ਰਬੁ ਵਿਸਾਰਿਆ   ਰਬਿ ਵਿਸਰਿਓਹਿ ॥੧੦੭॥
-ਗੁਰੂ ਗ੍ਰੰਥ ਸਾਹਿਬ ੧੩੮੩

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਕਹਿੰਦੇ ਹਨ ਰਾਤ ਆਪਣੀ ਦਿਨ ਪਰਾਇਆ। ਦਿਨ ਵੇਲੇ ਮਨੁਖ ਪਰਿਵਾਰਕ ਤੇ ਸਮਾਜਕ ਕੰਮਾਂਕਾਰਾਂ ਵਿਚ ਵਿਅਸਤ ਰਹਿੰਦਾ ਹੈ ਤੇ ਰਾਤ ਵੇਲੇ ਸੌਂਦਾ ਹੈ। ਤੰਦਰੁਸਤ ਜੀਵਨ ਲਈ ਤਾਕਤ ਜਰੂਰੀ ਹੈ ਤੇ ਤਾਕਤ ਲਈ ਖਾਣਾ ਤੇ ਸੌਣਾ ਜਰੂਰੀ ਹੈ। ਪਰ ਵਧੇਰੇ ਖਾਣਾ ਤੇ ਵਧੇਰੇ ਸੌਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਇਸ ਲਈ ਘੱਟ ਖਾਣਾ ਤੇ ਘੱਟ ਸੌਣਾ ਤੰਦਰੁਸਤੀ ਲਈ ਲਾਹੇਵੰਦ ਰਹਿੰਦਾ ਹੈ। ਇਸ ਦੇ ਨਾਲ ਰਾਤ ਸਮੇਂ ਜਲਦੀ ਸੌਣਾ ਤੇ ਸਵੇਰੇ ਜਲਦੀ ਉਠਣਾ ਵੀ ਚੰਗਾ ਸਮਝਿਆ ਜਾਂਦਾ ਹੈ। ਸਵੇਰ ਦੇ ਸਮੇਂ ਨੂੰ ਪ੍ਰਭੂ ਦੇ ਨਾਮ-ਸਿਮਰਨ ਲਈ ਬਿਹਤਰੀਨ ਸਮਾਂ ਸਮਝਿਆ ਜਾਂਦਾ ਹੈ। ਇਹੀ ਸਮਾਂ ਹੁੰਦਾ ਹੈ ਮਨੁਖ ਸ਼ਾਂਤ ਚਿਤ ਅਤੇ ਵਿਹਲਾ ਹੁੰਦਾ ਹੈ ਤੇ ਇਸ ਸਮੇਂ ਕੋਈ ਕਿਸੇ ਨੂੰ ਪਰੇਸ਼ਾਨ ਨਹੀਂ ਕਰਦਾ। ਇਸ ਲਈ ਜਿਹੜਾ, ਇਸ ਸਮੇਂ ਵੀ, ਪ੍ਰਭੂ ਦਾ ਨਾਮ-ਸਿਮਰਨ ਨਾ ਕਰੇ ਉਹ ਹੋਰ ਕਿਸੇ ਸਮੇਂ ਵੀ ਨਹੀਂ ਕਰ ਸਕਦਾ।

ਇਸ ਕਾਰਣ ਬਾਬਾ ਫਰੀਦ ਜੀ ਦੱਸਦੇ ਹਨ ਕਿ ਜਿਹੜਾ ਮਨੁਖ ਰਾਤ ਦੇ ਪਿਛਲੇ ਪਹਿਰ, ਭਾਵ ਤੜਕਸਾਰ ਜਾਗ ਕੇ ਵੀ ਪ੍ਰਭੂ ਦਾ ਨਾਮ-ਸਿਮਰਨ ਨਹੀਂ ਕਰਦਾ, ਬਲਕਿ ਜਿਹੜਾ ਇਸ ਬਿਹਤਰੀਨ ਸਮੇਂ ਵੀ ਸੁੱਤਾ ਰਹਿੰਦਾ ਹੈ ਜਾਂ ਜਿਹੜਾ ਇਸ ਸਮੇਂ ਨੂੰ ਵੀ ਸੌਂ ਕੇ ਹੀ ਗੁਆ ਦਿੰਦਾ ਹੈ, ਉਹ ਮਨੁਖ ਸਮਝੋ ਜੀਉਂਦਾ ਹੁੰਦਾ ਹੋਇਆ ਵੀ ਮਰੇ ਸਮਾਨ ਹੈ। ਉਸ ਦਾ ਜੀਣਾ ਜਾਂ ਨਾ ਜੀਣਾ ਇਕੋ ਜਿਹਾ ਹੈ।

ਹਾਂ, ਜੇ ਕੋਈ ਇਹ ਸਮਝਦਾ ਹੈ ਕਿ ਜੇ ਉਸ ਨੇ ਰੱਬ ਨੂੰ ਕਦੇ ਯਾਦ ਨਹੀਂ ਕੀਤਾ ਤਾਂ ਰੱਬ ਨੂੰ ਇਸ ਦਾ ਪਤਾ ਹੀ ਨਹੀਂ ਲੱਗਿਆ ਹੋਣਾ ਤਾਂ ਇਹ ਉਸ ਦੀ ਬਹੁਤ ਵਡੀ ਭੁੱਲ ਹੈ। ਸਾਰਾ ਸੰਸਾਰ ਰੱਬ ਦੇ ਅੰਦਰ ਹੀ ਵਸਦਾ ਹੈ। ਜੇ ਕੋਈ ਰੱਬ ਨੂੰ ਯਾਦ ਨਹੀਂ ਰਖਦਾ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਰੱਬ ਨੇ ਵੀ ਉਸ ਨੂੰ ਭੁਲਾ ਦਿੱਤਾ ਹੈ। ਉਸ ਨੂੰ ਸਭ ਯਾਦ ਹੈ। ਉਹ ਸਭ ਕੁਝ ਵੇਖ ਰਿਹਾ ਹੈ। ਇਸ ਲਈ ਉਸ ਨੇ ਹਰ ਉਸ ਗੱਲ ਦਾ ਹਿਸਾਬ ਕਰਨਾ ਹੈ, ਜੋ ਕੁਝ ਵੀ ਮਨੁਖ ਉਸ ਨੂੰ ਭੁੱਲ ਕੇ ਇਸ ਜਹਾਨ ਵਿਚ ਕਰਦਾ ਹੈ। ਇਸ ਕਰਕੇ ਮਨੁਖ ਨੂੰ ਹਰ ਹਾਲਤ ਵਿਚ ਉਸ ਨੂੰ ਯਾਦ ਕਰਨਾ ਚਾਹੀਦਾ ਹੈ। ਨਹੀਂ ਤਾਂ ਕਿਸੇ ਵੀ ਭੁੱਲ ਲਈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।

Tags