Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਮਃ

ਕਾਇ ਪਟੋਲਾ ਪਾੜਤੀ   ਕੰਬਲੜੀ ਪਹਿਰੇਇ
ਨਾਨਕ  ਘਰ ਹੀ ਬੈਠਿਆ ਸਹੁ ਮਿਲੈ   ਜੇ ਨੀਅਤਿ ਰਾਸਿ ਕਰੇਇ ॥੧੦੪॥
-ਗੁਰੂ ਗ੍ਰੰਥ ਸਾਹਿਬ ੧੩੮੩

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸ਼ੇਖ ਫਰੀਦ ਜੀ ਦੇ ਪਿਛਲੇ ਸਲੋਕ ਦਾ ਪਾਠ ਕਰਨ ਵਾਲਿਆਂ ਨੂੰ ਪਹਿਲੀ ਪੰਕਤੀ ਤੋਂ ਇਹ ਗਲਤੀ ਲੱਗ ਸਕਦੀ ਹੈ ਕਿ ਸ਼ਾਇਦ ਇਥੇ ਬਾਬਾ ਫਰੀਦ ਜੀ ਪ੍ਰਭੂ ਪ੍ਰਾਪਤੀ ਵਾਸਤੇ ਸੁੰਦਰ ਕਪੜਿਆਂ ਭਾਵ ਘਰ-ਬਾਰ ਨੂੰ ਤਿਆਗ ਕੇ, ਕੰਬਲੀ ਪਹਿਨਣ ਭਾਵ ਫਕੀਰੀ ਲਿਬਾਸ ਦੀ ਧਾਰਨ ਕਰਨ ਦੀ ਗੱਲ ਕਰ ਰਹੇ ਹਨ। ਪਰ ਅਸਲ ਫੈਸਲਾ ਬਾਬਾ ਜੀ ਨੇ ਅਗਲੀ ਪੰਕਤੀ ਵਿਚ ਦਿੱਤਾ ਹੈ, ਜਿਸਨੂੰ ਸਪੱਸ਼ਟ ਰੂਪ ਵਿਚ ਇਸ ਸਲੋਕ ਅੰਦਰ ਗੁਰੂ ਅਮਰਦਾਸ ਸਾਹਿਬ ਨੇ ਸਪਸ਼ੱਟ ਕੀਤਾ ਹੈ।

ਗੁਰੂ ਅਮਰਦਾਸ ਸਾਹਿਬ ਨੇ ਆਪਣੇ ਇਸ ਸਲੋਕ ਵਿਚ ਦੱਸਿਆ ਹੈ ਕਿ ਪ੍ਰੇਮਸ਼ਰ ਨੂੰ ਪਾਉਣ ਵਾਸਤੇ ਨਾ ਤਾਂ ਸੁੰਦਰ ਕੱਪੜੇ ਭਾਵ ਗ੍ਰਹਿਸਤੀ ਤਿਆਗਣ ਦੀ ਲੋੜ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਖਾਸ ਫਕੀਰੀ ਲਿਬਾਸ ਨੂੰ ਧਾਰਨ ਕਰਕੇ ਕਿਤੇ ਬਾਹਰ ਭਟਕਣ ਦੀ ਲੋੜ ਹੈ ਕਿਉਂਕਿ ਪ੍ਰਭੂ ਤਾਂ ਦਿਲ ਅੰਦਰਲੀ ਮੁਹੱਬਤ ਅਤੇ ਸਮਰਪਨ ਨੂੰ ਵੇਖਦਾ ਹੈ। ਗੁਰੂ ਸਾਹਿਬ ਸਮਝਾ ਰਹੇ ਹਨ ਕਿ ਸਵਾਲ ਸਾਰਾ ‘ਨੀਅਤ’ ਦਾ ਹੈ, ਜੇਕਰ ਇਹ ਠੀਕ ਹੈ ਤਾਂ ਘਰ ਬੈਠਿਆਂ ਹੀ ਭਾਵ ਗ੍ਰਿਹਸਤੀ ਜੀਵਨ ਬਤੀਤ ਕਰਦਿਆਂ ਹੀ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ।

Tags