ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ ॥
ਜਿਨੑੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ ॥੧੦੩॥
-ਗੁਰੂ ਗ੍ਰੰਥ ਸਾਹਿਬ ੧੩੮੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਅਸਲ ਵਿਚ ਇਸ ਸਲੋਕ ਅੰਦਰ ਆਏ ਹੋਏ ਸ਼ਬਦ ਪਟੋਲਾ ਅਤੇ ਕੰਬਲੜੀ, ਕ੍ਰਮਵਾਰ ਗ੍ਰਿਹਸਤੀ ਜੀਵਨ ਅਤੇ ਫਕੀਰੀ (ਤਿਆਗੀ) ਜੀਵਨ ਦੇ ਰੂਪਕ ਹਨ। ਪੁਰਾਣੇ ਸਮਿਆਂ ਤੋਂ ਹੀ ਤਕਰੀਬਨ ਸਭ ਮਜ਼੍ਹਬਾਂ ਅੰਦਰ ਇਹੋ-ਜਿਹੇ ਵਿਚਾਰ ਸਾਧਕਾਂ ਦੁਆਰਾ ਦਿੱਤੇ ਮਿਲਦੇ ਹਨ, ਜਿਥੇ ਕਿ ਰੱਬੀ ਮਿਲਾਪ ਦੇ ਜਗਿਆਸੂਆਂ ਨੂੰ ਇਹ ਦ੍ਰਿੜ ਕਰਵਾਇਆ ਜਾਂਦਾ ਹੈ ਕਿ ਸੰਸਾਰੀ ਕੱਪੜੇ ਪਾ ਕੇ ਰੱਬ ਦੀ ਪ੍ਰਾਪਤੀ ਨਹੀ ਹੋ ਸਕਦੀ ਭਾਵ ਘਰ-ਪਰਿਵਾਰ ਨਾਲੋਂ ਸਬੰਧ ਤੋੜਨਾ ਪਵੇਗਾ ਅਤੇ ਪ੍ਰਮੇਸ਼ਰ ਨੂੰ ਮਿਲਣ ਵਾਸਤੇ ਖਾਸ ਤਰ੍ਹਾਂ ਦੇ ਭੇਖ ਦੀ ਲੋੜ ਹੈ ਜੋ ਸਾਦਗੀ ਅਤੇ ਸੰਸਾਰ ਤਿਆਗ ਦਾ ਸੁਮੇਲ ਹੋਵੇ।
ਬਾਬਾ ਫਰੀਦ ਜੀ ਇਸ ਸਲੋਕ ਦੁਆਰਾ ਰੱਬੀ ਮਿਲਾਪ ਲਈ ਉਤਾਵਲੇ ਜਗਿਆਸੂਆਂ ਦੀ ਮਨੋਵੇਦਨਾ ਨੂੰ ਸਮਝਦਿਆਂ ਆਪਣੇ ਤੇ ਢੁਕਾਅ ਕੇ ਉਪਦੇਸ਼ ਦਿੰਦਿਆਂ ਆਖਦੇ ਹਨ ਕਿ ਉਨ੍ਹਾਂ ਦਾ ਜੀਅ ਕਰਦਾ ਹੈ ਕਿ ਉਹ ਆਪਣੇ ਤਨ ਉਪਰ ਪਾਏ ਹੋਏ ਸੁੰਦਰ ਰੇਸ਼ਮੀ ਕਪੜਿਆਂ ਨੂੰ ਲੀਰਾਂ-ਲੀਰਾਂ ਕਰਕੇ ਸੁੱਟ ਦੇਣ ਅਤੇ ਸਾਦੀ ਜਿਹੀ ਕੰਬਲੀ ਵਾਲਾ ਫਕੀਰੀ ਵੇਸ ਧਾਰਨ ਕਰ ਲੈਣ ਲਈ ਤਿਆਰ ਹਨ, ਜੇ ਇਸ ਤਰ੍ਹਾਂ ਰੱਬ ਦੀ ਪ੍ਰਾਪਤੀ ਹੁੰਦੀ ਹੋਵੇ। ਅਸਲ ਵਿਚ ਇਹ ਗੱਲ ਮਾਇਨਾ ਨਹੀਂ ਰਖਦੀ ਕਿ ਅਸੀਂ ਕਿਹੜਾ ਭੇਖ ਧਾਰਨ ਕੀਤਾ? ਮਹੱਤਵਪੂਰਨ ਇਹ ਹੈ ਕਿ ਰੱਬ ਜੀ ਨੂੰ ਕਿਹੜਾ ਭੇਖ ਪਸੰਦ ਆਉਂਦਾ ਹੈ। ਅਗਲੀ ਪੰਕਤੀ ਵਿਚ ਬਾਬਾ ਫਰੀਦ ਜੀ ਨੇ ਇਹੋ ਗੱਲ ਸਪੱਸ਼ਟ ਕੀਤੀ ਹੈ ਕਿ ਉਹ ਤਾਂ ਉਹੀ ਵੇਸ ਧਾਰਨ ਕਰਨਗੇ ਜਿਸ ਨਾਲ ਉਨ੍ਹਾਂ ਦਾ ਪਿਆਰਾ ਮਾਲਕ ਪ੍ਰਮੇਸ਼ਰ ਉਨ੍ਹਾਂ ਨੂੰ ਮਿਲੇਗਾ।