Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ  ਰੁਤਿ ਫਿਰੀ  ਵਣੁ ਕੰਬਿਆ   ਪਤ ਝੜੇ ਝੜਿ ਪਾਹਿ
ਚਾਰੇ ਕੁੰਡਾ ਢੂੰਢੀਆਂ   ਰਹਣੁ ਕਿਥਾਊ ਨਾਹਿ ॥੧੦੨॥
-ਗੁਰੂ ਗ੍ਰੰਥ ਸਾਹਿਬ ੧੩੮੩

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਸਮਝਾ ਰਹੇ ਹਨ ਕਿ ਕੁਦਰਤ ਵਿਚ ਕੁਝ ਵੀ ਕਦੇ ਇਕੋ ਜਿਹਾ ਨਹੀਂ ਰਹਿੰਦਾ ਤੇ ਹਰ ਸਮੇਂ ਕੁਝ ਨਾ ਕੁਝ ਬਦਲਦਾ ਰਹਿੰਦਾ ਹੈ। ਬਾਬਾ ਫਰੀਦ ਜੀ ਦੱਸਦੇ ਹਨ ਕਿ ਜਦ ਰੁੱਤ ਬਦਲ ਜਾਂਦੀ ਹੈ ਤਾਂ ਬਨਸਪਤੀ ਨੂੰ ਜਿਵੇਂ ਕਾਂਬਾ ਛਿੜ ਜਾਂਦਾ ਹੋਵੇ। ਦੇਖਦੇ ਹੀ ਦੇਖਦੇ ਪਤਝੜ ਸ਼ੁਰੂ ਹੋ ਜਾਂਦੀ ਹੈ ਤੇ ਸਾਰੀ ਬਨਸਪਤੀ ਰੁੰਡ-ਮਰੁੰਡ ਹੋ ਜਾਂਦੀ ਹੈ ਭਾਵ ਪੱਤੇ ਆਦਿ ਝੜ ਜਾਂਦੇ ਹਨ।

ਕੁਦਰਤ ਵਿਚ ਚਾਰੇ ਪਾਸੇ ਤਬਦੀਲੀ ਹੀ ਤਬਦੀਲੀ ਹੈ ਤੇ ਸਥਿਰਤਾ ਕਿਸੇ ਪਾਸੇ ਵੀ ਨਹੀਂ। ਇਹ ਦੇਖ ਕੇ ਮਨ ਉਦਾਸ ਹੋ ਜਾਂਦਾ ਹੈ ਕਿ ਅਜਿਹਾ ਕਿਉਂ ਹੈ ਕਿ ਸੰਸਾਰ ਵਿਚ ਕੁਝ ਵੀ ਹਮੇਸ਼ਾ ਸਾਥ ਨਿਭਣ ਵਾਲਾ ਨਹੀਂ ਹੈ। ਹਰ ਪਾਸੇ ਏਨੀ ਨਾਸ਼ਮਾਨਤਾ ਕਿਉਂ ਹੈ?

ਇਸ ਨਾਸ਼ਮਾਨਤਾ ਦਾ ਅਹਿਸਾਸ ਮਨੁਖ ਨੂੰ ਚੇਤੰਨ ਕਰਦਾ ਹੈ ਕਿ ਦੇਖ ਜੁਆਨੀ ਜਦ ਬੀਤ ਜਾਂਦੀ ਹੈ ਤਾਂ ਅੰਗ-ਪੈਰ ਸਿੱਥਲ ਹੋ ਜਾਂਦੇ ਹਨ, ਬੁੱਢੇਪੇ ਦੇ ਆਉਣ ਕਰਕੇ ਸਰੀਰ ਕੰਬਣ ਲੱਗ ਜਾਂਦਾ ਹੈ ਤੇ ਮਨੁਖ ਪਾਸੋਂ ਆਪਣੀ ਦੇਹੀ ਤਕ ਵੀ ਨਹੀਂ ਸੰਭਾਲ ਹੁੰਦੀ। ਫਿਰ ਇਕ ਦਿਨ ਉਹ ਸਮਾਂ ਵੀ ਆ ਜਾਂਦਾ ਹੈ ਜਦ ਉਸ ਨੂੰ ਮੌਤ ਆ ਦਬੋਚਦੀ ਹੈ। ਇਸ ਲਈ ਬਹੁਤ ਜਰੂਰੀ ਹੈ ਕਿ ਮਨੁਖ ਹਰ ਸਮੇਂ ਆਪਣੀ ਹਰ ਸਮਰੱਥਾ ਦੀ ਸਹੀ ਵਰਤੋਂ ਕਰਕੇ ਰੱਬੀ ਮਿਲਾਪ ਦੇ ਰਾਹ ਪਵੇ। ਨਹੀਂ ਤਾਂ ਖੁੰਝਿਆ ਹੋਇਆ ਵੇਲਾ ਮੁੜ ਹੱਥ ਨਹੀਂ ਆਉਂਦਾ ਤੇ ਸਮਾਂ ਪਾ ਕੇ ਸਭ ਕੁਝ ਬਦਲ ਜਾਂਦਾ ਹੈ।
Tags