ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਹਉ ਬਲਿਹਾਰੀ ਤਿਨੑ ਪੰਖੀਆ ਜੰਗਲਿ ਜਿੰਨੑਾ ਵਾਸੁ ॥
ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ ॥੧੦੧॥
-ਗੁਰੂ ਗ੍ਰੰਥ ਸਾਹਿਬ ੧੩੮੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਜਿੰਨ੍ਹਾਂ ਨੇ ਜੀਵਨ ਦੇ ਅਸਲ ਮਕਸਦ ‘ਰੱਬੀ ਮਿਲਾਪ’ ਨੂੰ ਸਿਰਫ ਜਾਣਿਆਂ ਹੀ ਨਹੀਂ ਸਗੋਂ ਇਸ ਵਾਸਤੇ ਤਨੋ-ਮਨੋ ਸਮਰਪਿਤ ਹੋ ਕੇ ਬੰਦਗੀ ਵਾਲੇ ਪਾਸੇ ਤੁਰੇ ਹਨ, ਉਨ੍ਹਾਂ ਦੀ ਫਿਰ ਇਕ ਖਾਸ ਅਵਸਥਾ ਬਣ ਜਾਂਦੀ ਹੈ, ਜਿਥੇ ਉਨ੍ਹਾਂ ਨੂੰ ਸਮੁੱਚਾ ਬ੍ਰਹਿਮੰਡ ਅਤੇ ਪ੍ਰਕਿਰਤੀ ਰੱਬ ਦੀ ਸਿਫਤ ਕਰਦੀ ਹੋਈ ਅਨੁਭਵ ਹੁੰਦੀ ਹੈ। ਇਥੋਂ ਤਕ ਜੀਵ-ਜੰਤੂ ਵੀ ਹਰਿ ਜਸ ਕਰਦੇ ਮਹਿਸੂਸ ਹੁੰਦੇ ਹਨ “ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ ॥”
ਇਸ ਸਲੋਕ ਵਿਚ ਬਾਬਾ ਫਰੀਦ ਜੀ ਨੇ ਸੰਸਾਰ ਦੇ ਪਦਾਰਥਾਂ ਦੀ ਅਮੁਕ ਦੌੜ ਵਿਚ ਪਏ ਹੋਏ ਮਨੁਖਾਂ ਨੂੰ ਸਬਰ-ਸੰਤੋਖ ਦੀ ਅਹਿਮੀਅਤ ਅਤੇ ਰੱਬ ਦੀ ਸ਼ੁਕਰਗੁਜ਼ਾਰੀ ਦਾ ਸਬਕ ਦ੍ਰਿੜ ਕਰਵਾਇਆ ਹੈ। ਬਾਬਾ ਫਰੀਦ ਜੀ ਕਹਿੰਦੇ ਹਨ ਕਿ ਮੈਂ ਪੰਛੀਆਂ ਤੋਂ ਵਾਰੇ-ਬਲਹਾਰੇ ਜਾਂਦਾ ਹਾਂ, ਜੋ ਜੰਗਲ ਬੇਲਿਆਂ ਵਿਚ ਰੁੱਖਾਂ ’ਤੇ ਆਲ੍ਹਣਾ ਪਾ ਕੇ ਰਹਿੰਦੇ ਹਨ ਅਤੇ ਆਪਣਾ ਢਿੱਡ ਭਰਨ ਲਈ ਹਰ ਰੋਜ਼ ਤਰਦੱਦ ਕਰਕੇ ਧਰਤੀ ’ਤੇ ਖਿੰਡੇ ਚੋਗੇ ਨੂੰ ਚੁਗਦੇ ਹਨ। ਇਨ੍ਹਾਂ ਦੇ ਭੋਜਨ ਵਿਚ ਕੰਕਰ ਤਕ ਵੀ ਹੁੰਦੇ ਹਨ, ਇਸ ਦੇ ਬਾਵਜੂਦ ਵੀ ਇਹ ਹਮੇਸ਼ਾ ਸ਼ੁਕਰਾਨੇ ਅਤੇ ਰਬੀ ਯਾਦ ਵਿਚ ਜੁੜੇ ਰਹਿੰਦੇ ਹਨ। ਉਹ ਕਦੇ ਵੀ ਰੱਬੀ ਯਾਦ ਤੋਂ ਅਵੇਸਲੇ ਨਹੀਂ ਹੁੰਦੇ।
ਇਹ ਦ੍ਰਿਸ਼ਟਾਂਤ ਦੇ ਕੇ ਬਾਬਾ ਫਰੀਦ ਜੀ ਅਸਲ ਵਿਚ ਮਨੁਖ ਦੀ ਗੱਲ ਕਰ ਰਹੇ ਹਨ, ਜੋ ਅਣਗਿਣਤ ਲਾਲਸਾਵਾਂ ਤੇ ਇੱਛਾਵਾਂ ਦੇ ਅਧੀਨ ਚੰਗੇ ਘਰ ਵਿਚ ਰਹਿੰਦਿਆਂ ਤੇ ਚੰਗਾ ਰੋਟੀ-ਟੁਕ ਖਾਂਦਿਆਂ ਰੱਬ ਦੀ ਯਾਦ ਤੋਂ ਅਵੇਸਲਾ ਹੋਇਆ ਬੈਠਾ ਹੈ। ਇਸ ਦੀ ਜੀਵਨ ਸ਼ੈਲੀ ਵਿਚ ਸਬਰ-ਸੰਤੋਖ ਨਾਮ ਦੀ ਕੋਈ ਸ਼ੈਅ ਨਹੀ ਹੈ। ਇਸ ਕੋਲ ਜੋ ਹੈ ਉਸ ਲਈ ਸ਼ੁਕਰਾਨਾ ਨਹੀਂ, ਪਰ ਜੋ ਨਹੀਂ ਹੈ ਉਸ ਲਈ ਸ਼ਿਕਾਇਤਾਂ ਬਹੁਤ ਹਨ। ਬਾਬਾ ਫਰੀਦ ਜੀ ਪੰਛੀਆਂ ਦੀ ਉਦਾਹਰਣ ਦੇ ਕੇ ਸਮਝਾਂ ਰਹੇ ਹਨ ਕਿ ਜੋ ਪ੍ਰਾਪਤ ਹੋਇਆ ਹੈ ਉਸ ਵਿਚ ਸੰਤਸ਼ੁਟ ਰਹਿਣਾ ਚਾਹੀਦਾ ਹੈ। ਰੱਬ ਨੂੰ ਹਰ ਸਮੇਂ ਆਪਣੀ ਯਾਦ ਵਿਚ ਰਖਣਾ ਚਾਹੀਦਾ ਹੈ। ਫਿਰ ਹੀ ਜੀਵਨ ਦਾ ਅਸਲ ਅਨੰਦ ਮਾਣਿਆ ਜਾ ਸਕਦਾ ਹੈ।
ਨੋਟ : ਇਥੇ ਇਕ ਸਵਾਲ ਵੀ ਪੈਦਾ ਹੁੰਦਾ ਹੈ ਕਿ ਜਦ ਪੰਛੀ ਆਪਣੇ ਭੋਜਨ ਲਈ ਦਾਣੇ ਵੀ ਚੁਗਦੇ ਹਨ ਤਾਂ ਫਿਰ ਕੰਕਰ ਕਿਉਂ ਚੁਗਦੇ ਹਨ? ਪਰ ਇਹ ਪੰਛੀ ਆਪਣੇ ਭੋਜਨ ਲਈ ਕੰਕਰ ਨਹੀਂ ਖਾਂਦੇ, ਬਲਕਿ ਭੋਜਨ ਨੂੰ ਪਚਾਉਣ ਵਿਚ ਸਹਾਇਤਾ ਕਰਨ ਲਈ ਕੰਕਰ ਖਾਂਦੇ ਹਨ। ਕਿਉਂਕਿ ਉਨ੍ਹਾਂ ਕੋਲ ਭੋਜਨ ਪੀਸਣ ਲਈ ਦੰਦ ਨਹੀਂ ਹੁੰਦੇ, ਇਸ ਲਈ ਪੱਥਰੀਲੇ ਕੰਕਰ ਉਨ੍ਹਾਂ ਦੇ ਜਿਗਰ ਵਿਚ ਜਾ ਕੇ ਦੰਦਾਂ ਦਾ ਕੰਮ ਕਰਦੇ ਹਨ ਤੇ ਅਨਾਜ ਦੇ ਸਖਤ ਦਾਣਿਆਂ ਨੂੰ ਤੋੜਨ ਵਿਚ ਮਦਦ ਕਰਦੇ ਹਨ, ਜਿਸ ਨਾਲ ਅਨਾਜ ਦੇ ਸਖਤ ਦਾਣੇ ਵੀ ਉਹ ਪਚਾ ਲੈਂਦੇ ਹਨ।