ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਦਰੀਆਵੈ ਕੰਨੑੈ ਬਗੁਲਾ ਬੈਠਾ ਕੇਲ ਕਰੇ ॥
ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ॥
ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥
ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥੯੯॥
-ਗੁਰੂ ਗ੍ਰੰਥ ਸਾਹਿਬ ੧੩੮੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਦਰਿਆ ਦਾ ਦ੍ਰਿਸ਼ ਪੇਸ਼ ਕਰਦੇ ਹਨ, ਜਿਸ ਦੇ ਕੰਢੇ ’ਤੇ ਪੰਛੀ ਬਗਲਾ ਆਪਣੀ ਮਸਤੀ ਵਿਚ ਖੇਡਾਂ ਖੇਡਦਾ ਤੇ ਕਲੋਲਾਂ ਕਰ ਰਿਹਾ ਹੈ। ਅਜਿਹੇ ਵੇਲੇ ਉਹ ਏਨਾ ਬੇਖਬਰ ਹੁੰਦਾ ਹੈ ਕਿ ਉਸ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਕਿ ਉਸ ਨਾਲ ਕੀ ਹੋਣ ਵਾਲਾ ਜਾਂ ਹੋ ਸਕਦਾ ਹੈ?
ਫਿਰ ਅਚਾਨਕ ਕੀ ਹੁੰਦਾ ਹੈ ਕਿ ਕਲੋਲਾਂ ਕਰ ਰਹੇ ਉਸ ਵਿਚਾਰੇ ਬਗਲੇ ਉੱਤੇ ਇਕਦੰਮ ਜ਼ੋਰਾਵਰ ਪੰਛੀ ਬਾਜਾਂ ਦਾ ਝੁੰਡ ਝਪਟ ਪੈਂਦਾ ਹੈ ਤੇ ਉਸ ਦਾ ਸ਼ਿਕਾਰ ਕਰ ਲੈਂਦਾ ਹੈ। ਉਸ ਦੇ ਨਾਲ ਇਹ ਸਭ ਕੁਝ ਅਚਨਚੇਤ ਹੀ ਵਾਪਰ ਜਾਂਦਾ ਹੈ।
ਅਸਲ ਵਿਚ ਬਾਜ਼ ਵੀ ਰੱਬ ਦਾ ਹੀ ਦੂਤ ਹੈ, ਜੋ ਅਚਨਚੇਤ ਮੌਤ ਦਾ ਸੱਦਾ ਲੈ ਕੇ ਆਉਂਦਾ ਹੈ ਤੇ ਜਿਸ ਦੇ ਆਉਣ ਨਾਲ ਬਗਲੇ ਨੂੰ ਸਭ ਖੇਡਾਂ ਭੁਲ-ਭੁਲਾ ਜਾਂਦੀਆਂ ਹਨ ਤੇ ਉਸ ਨੂੰ ਇਕਦਮ ਮੌਤ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਥੋਂ ਤਕ ਕਿ ਜਿਸ ਦਾ ਕਦੇ ਕਿਸੇ ਨੇ ਕਿਆਸ ਵੀ ਨਹੀਂ ਕੀਤਾ ਹੁੰਦਾ ਜਾਂ ਜਿਸ ਦਾ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਹੁੰਦਾ, ਰੱਬ ਉਹੀ ਕੁਝ ਕਰ ਦਿੰਦਾ ਹੈ। ਇਸ ਲਈ ਮਨੁਖ ਨੂੰ ਹਮੇਸ਼ਾ ਚੇਤੰਨ ਰਹਿ ਕੇ ਰੱਬ ਦੇ ਰਾਹ ’ਤੇ ਤੁਰਨਾ ਚਾਹੀਦਾ ਹੈ ਤੇ ਭਲੇ ਦੇ ਕਾਰਜ ਕਰਨੇ ਚਾਹੀਦੇ ਹਨ। ਕਿਉਂਕਿ ਪਤਾ ਨਹੀਂ ਉਸ ਨੂੰ ਕਿਹੜੇ ਵੇਲੇ ਮੌਤ ਨੇ ਆ ਕੇ ਦਬੋਚ ਲੈਣਾ ਹੈ। ਜੀਵਨ ਦਾ ਕੋਈ ਭਰੋਸਾ ਨਹੀਂ ਹੈ।