Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਦੇਖੁ ਫਰੀਦਾ ਜੁ ਥੀਆ   ਦਾੜੀ ਹੋਈ ਭੂਰ
ਅਗਹੁ ਨੇੜਾ ਆਇਆ   ਪਿਛਾ ਰਹਿਆ ਦੂਰਿ ॥੯॥
-ਗੁਰੂ ਗ੍ਰੰਥ ਸਾਹਿਬ ੧੩੭੮

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਕੁਦਰਤ ਦੀ ਹਰ ਸ਼ੈਅ ਦੀ ਤਰ੍ਹਾਂ ਮਨੁਖ ਵੀ ਸਮੇਂ ਦੇ ਅਸਰ ਹੇਠ ਰਹਿੰਦਾ ਹੈ। ਮਨੁਖ ਦੀ ਵਧਦੀ ਉਮਰ ਦਾ ਅਸਰ ਉਸ ਦੀ ਦੇਹ ਅਤੇ ਮਨ ਉੱਤੇ ਵੀ ਹੁੰਦਾ ਹੈ। ਪਰ ਇਸ ਦਾ ਪ੍ਰਤੱਖ ਪਤਾ ਉਸ ਦੇ ਕੇਸਾਂ ਦੇ ਰੰਗ ਤੋਂ ਲੱਗਦਾ ਹੈ, ਜੋ ਪਹਿਲਾਂ ਕਾਲੇ ਹੁੰਦੇ ਹਨ ਤੇ ਫਿਰ ਕਿਸੇ ਦੇ ਭੂਰੇ ਤੇ ਕਿਸੇ ਦੇ ਚਿੱਟੇ ਹੋ ਜਾਂਦੇ ਹਨ। ਇਸ ਕਾਰਣ ਬਾਬਾ ਫਰੀਦ ਜੀ ਆਪਣੇ-ਆਪ ਨੂੰ ਮੁਖਾਤਬ ਹੋ ਕੇ ਮਨੁਖ ਨੂੰ ਸਮੇਂ ਦੇ ਬੀਤ ਜਾਣ ਬਾਰੇ ਸੁਚੇਤ ਕਰਦੇ ਹਨ ਕਿ ਦੇਖਦਿਆਂ-ਦੇਖਦਿਆਂ ਜੋ ਉਸ ਦੀ ਕਾਲੀ ਦਾਹੜੀ ਭੂਰੀ ਹੋ ਗਈ ਹੈ, ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਭਾਵ, ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਇਹ ਕਾਹਦੇ ਵੱਲ ਸੰਕੇਤ ਕਰ ਰਹੀ ਹੈ।

ਫਿਰ ਦੱਸਦੇ ਹਨ ਕਿ ਇਹ ਜੋ ਉਸ ਦੀ ਦਾਹੜੀ ਦਾ ਰੰਗ ਬਦਲ ਰਿਹਾ ਹੈ, ਇਹ ਤੇਜ਼ੀ ਨਾਲ ਬੀਤ ਰਹੇ ਸਮੇਂ ਬਾਰੇ ਸੁਚੇਤ ਕਰ ਰਹੀ ਹੈ ਕਿ ਇਥੇ ਕੁਝ ਵੀ ਸਦੀਵੀ ਨਹੀਂ ਹੈ। ਇਸ ਲਈ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੇ ਜੀਵਨ ਦਾ ਅਖੀਰ ਨੇੜੇ ਆ ਗਿਆ ਹੈ ਤੇ ਉਸ ਦਾ ਬਚਪਨ ਬਹੁਤ ਪਿੱਛੇ ਰਹਿ ਗਿਆ ਹੈ। ਹੁਣ ਉਸ ਨੂੰ ਆਪਣੇ ਆਉਣ ਵਾਲੇ ਸਮੇਂ ਬਾਰੇ ਸੁਚੇਤ ਹੋਣ ਅਤੇ ਸੰਭਲਣ ਦੀ ਲੋੜ ਹੈ। ਉਸ ਨੂੰ ਰੱਬੀ ਪ੍ਰੇਮ ਵਿਚ ਵਿਚਰਦੇ ਹੋਏ ਨਿਮਰ ਭਾਵ ਵਿਚ ਜੀਵਨ ਬਸਰ ਕਰਨਾ ਚਾਹੀਦਾ ਹੈ।
Tags