ਇਸ ਸ਼ਬਦ ਵਿਚ ਦੱਸਿਆ ਗਿਆ ਹੈ ਕਿ ਕੋਈ ਵੀ ਪ੍ਰਭੂ ਦੀ ਲੀਲ੍ਹਾ ਦਾ ਪਾਰਾਵਾਰ ਨਹੀਂ ਪਾ ਸਕਦਾ। ਉਸ ਨੇ ਆਪ ਹੀ ਸਾਰਾ ਜਗਤ-ਪਸਾਰਾ ਪਸਾਰਿਆ ਹੋਇਆ ਹੈ ਅਤੇ ਉਹ ਆਪ ਹੀ ਇਸ ਤੋਂ ਨਿਰਲੇਪ ਰਹਿੰਦਾ ਹੈ।
ੴ ਸਤਿਗੁਰ ਪ੍ਰਸਾਦਿ ॥
ਰਾਗੁ ਬਿਹਾਗੜਾ ਮਹਲਾ ੯ ॥
ਹਰਿ ਕੀ ਗਤਿ ਨਹਿ ਕੋਊ ਜਾਨੈ ॥
ਜੋਗੀ ਜਤੀ ਤਪੀ ਪਚਿ ਹਾਰੇ ਅਰੁ ਬਹੁ ਲੋਗ ਸਿਆਨੇ ॥੧॥ ਰਹਾਉ ॥
ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ ॥
ਰੀਤੇ ਭਰੇ ਭਰੇ ਸਖਨਾਵੈ ਯਹ ਤਾ ਕੋ ਬਿਵਹਾਰੇ ॥੧॥
ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਨਹਾਰਾ ॥
ਨਾਨਾ ਰੂਪੁ ਧਰੇ ਬਹੁਰੰਗੀ ਸਭ ਤੇ ਰਹੈ ਨਿਆਰਾ ॥੨॥
ਅਗਨਤ ਅਪਾਰੁ ਅਲਖ ਨਿਰੰਜਨ ਜਿਹ ਸਭ ਜਗੁ ਭਰਮਾਇਓ ॥
ਸਗਲ ਭਰਮ ਤਜਿ ਨਾਨਕ ਪ੍ਰਾਣੀ ਚਰਨਿ ਤਾਹਿ ਚਿਤੁ ਲਾਇਓ ॥੩॥੧॥੨॥
-ਗੁਰੂ ਗ੍ਰੰਥ ਸਾਹਿਬ ੫੩੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਦੱਸਦੇ ਹਨ ਕਿ ਹਰੀ-ਪ੍ਰਭੂ ਦੀ ਅਸਲੀਅਤ ਬਾਰੇ ਸਹੀ-ਸਹੀ ਕੋਈ ਵੀ ਕੁਝ ਨਹੀਂ ਜਾਣਦਾ। ਜੋਗ ਸਾਧਨਾ ਕਰਨ ਵਾਲੇ, ਇੰਦਰੀਆਂ ਨੂੰ ਵਿਸ਼ੇ ਦੀ ਛੋਹ ਤੋਂ ਰੋਕਣ ਵਾਲੇ, ਆਪਣੇ ਤਨ ਨੂੰ ਤਰ੍ਹਾਂ-ਤਰ੍ਹਾਂ ਦੇ ਕਸ਼ਟ ਦੇਣ ਵਾਲੇ ਤੇ ਹੋਰ ਬੜੇ ਹੀ ਸਿਆਣੇ ਅਤੇ ਸੂਝਵਾਨ ਲੋਕ ਵੀ ਪ੍ਰਭੂ ਦੀ ਅਸਲੀਅਤ ਬਾਬਤ ਜਾਣਨ ਦੀ ਕੋਸ਼ਿਸ਼ ਕਰਦੇ-ਕਰਦੇ ਥੱਕ-ਹਾਰ ਕੇ ਚੂਰ ਹੋ ਗਏ ਹਨ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਪਾਤਸ਼ਾਹ ਦੱਸਦੇ ਹਨ ਕਿ ਪ੍ਰਭੂ ਅੱਖ ਦੇ ਇਕ ਝਲਕਾਰੇ ਵਿਚ ਹੀ ਕਿਸੇ ਗਰੀਬ ਨੂੰ ਅਮੀਰ ਬਣਾ ਦਿੰਦਾ ਹੈ ਤੇ ਇਸੇ ਤਰ੍ਹਾਂ ਝਟ-ਪਟ ਹੀ ਕਿਸੇ ਅਮੀਰ ਨੂੰ ਗਰੀਬ ਕਰ ਮਾਰਦਾ ਹੈ। ਉਹ ਕਿਸੇ ਕੰਗਾਲ ਨੂੰ ਮਾਲਾ-ਮਾਲ ਕਰ ਦਿੰਦਾ ਹੈ ਤੇ ਕਿਸੇ ਰੱਜੇ-ਪੁੱਜੇ ਨੂੰ ਖਾਲਮ-ਖਾਲੀ ਕਰ ਦਿੰਦਾ ਹੈ। ਉਸ ਦਾ ਇਹ ਵਰਤਾਰਾ ਬੜਾ ਵਚਿਤਰ ਹੈ।
ਪਾਤਸ਼ਾਹ ਦੱਸਦੇ ਹਨ ਕਿ ਅਸਲ ਵਿਚ ਪ੍ਰਭੂ ਨੇ ਆਪਣੀ ਸਮਰੱਥਾ ਨੂੰ ਆਪ ਹੀ ਦ੍ਰਿਸ਼ਟਮਾਨ ਸੰਸਾਰ ਦੇ ਰੂਪ ਵਿਚ ਫੈਲਾਇਆ ਹੋਇਆ ਹੈ ਤੇ ਉਹ ਆਪ ਹੀ ਆਪਣੇ ਇਸ ਪਸਾਰੇ ਦੀ ਦੇਖ-ਭਾਲ ਕਰਨ ਵਾਲਾ ਹੈ। ਬੇਸ਼ੱਕ ਉਸ ਨੇ ਅਨੰਤ ਅਤੇ ਵੰਨ-ਸੁਵੰਨੇ ਰੂਪ ਧਾਰਣ ਕੀਤੇ ਹੋਏ ਹਨ, ਪਰ ਉਹ ਫਿਰ ਵੀ ਆਪਣੇ- ਆਪ ਨੂੰ ਇਨ੍ਹਾਂ ਤਮਾਮ ਰੂਪਾਂ ਤੋਂ ਨਿਰਲੇਪ ਰਖਦਾ ਹੈ।
ਪ੍ਰਭੂ ਨੇ ਆਪਣੀ ਜਿਸ ਸਮਰੱਥਾ ਨਾਲ ਸਭ ਨੂੰ ਹੈਰਾਨ ਕਰ ਕੇ ਭਰਮ ਵਿਚ ਪਾਇਆ ਹੋਇਆ ਹੈ, ਉਸ ਨੂੰ ਗਿਣਿਆ-ਮਿਣਿਆ ਨਹੀਂ ਜਾ ਸਕਦਾ। ਉਸ ਦਾ ਕੋਈ ਆਰ-ਪਾਰ ਵੀ ਨਹੀਂ ਹੈ। ਉਸ ਨੂੰ ਕਿਸੇ ਤਰ੍ਹਾਂ ਜਾਣਿਆ ਵੀ ਨਹੀਂ ਜਾ ਸਕਦਾ ਤੇ ਉਹ ਹਮੇਸ਼ਾ ਕਿਸੇ ਵੀ ਤਰ੍ਹਾਂ ਦੇ ਰੰਗ ਰੂਪ ਤੋਂ ਅਲਹਿਦਾ ਰਹਿੰਦਾ ਹੈ। ਪਾਤਸ਼ਾਹ ਮਨੁਖ ਨੂੰ ਇਸ ਭਰਮ ਵਾਲੀ ਹਾਲਤ ਵਿਚੋਂ ਮੁਕਤ ਹੋਣ ਲਈ ਇਹੀ ਸਲਾਹ ਦਿੰਦੇ ਹਨ ਕਿ ਉਹ ਸਾਰੇ ਵਹਿਮ-ਭਰਮ ਛੱਡ ਕੇ ਆਪਣਾ ਧਿਆਨ ਸਿਰਫ ਪ੍ਰਭੂ ਦੇ ਚਰਨਾ ਵਿਚ ਹੀ ਲਾਈ ਰਖੇ।