ਇਸ ਸ਼ਬਦ ਵਿਚ ਪ੍ਰਸ਼ਨ ਹੈ ਕਿ ਮਾਇਆ-ਮੋਹ ਅਤੇ ਅਗਿਆਨ-ਭਰਮ ਵਿਚ ਫਸਿਆ ਮਨੁਖ ‘ਸ੍ਰਿਸ਼ਟੀ ਦੇ ਮਾਲਕ’ ਪ੍ਰਭੂ ਨੂੰ ਕਿਵੇਂ ਅਨੁਭਵ ਕਰੇ? ਅਗਿਆਨਤਾ ਦੇ ਜਿਸ ਅੰਧਕਾਰ ਵਿਚ ਉਹ ਫਸ ਚੁਕਾ ਹੈ, ਉਹ ਅੰਧਕਾਰ ਉਸ ਨੂੰ ਪ੍ਰਭੂ ਤੋਂ ਦੂਰ ਕਰਦਾ ਹੈ। ਅੰਤ ਵਿਚ ਪ੍ਰਭੂ ਅੱਗੇ ਇਸ ਅੰਧਕਾਰ ਵਿਚੋਂ ਕਢ ਲੈਣ ਦੀ ਬੇਨਤੀ ਕੀਤੀ ਗਈ ਹੈ।
ਸੋਰਠਿ ਮਹਲਾ ੯ ॥
ਮਾਈ ਮੈ ਕਿਹਿ ਬਿਧਿ ਲਖਉ ਗੁਸਾਈ ॥
ਮਹਾ ਮੋਹ ਅਗਿਆਨਿ ਤਿਮਰਿ ਮੋ ਮਨੁ ਰਹਿਓ ਉਰਝਾਈ ॥੧॥ ਰਹਾਉ ॥
ਸਗਲ ਜਨਮ ਭਰਮ ਹੀ ਭਰਮ ਖੋਇਓ ਨਹ ਅਸਥਿਰੁ ਮਤਿ ਪਾਈ ॥
ਬਿਖਿਆਸਕਤ ਰਹਿਓ ਨਿਸ ਬਾਸੁਰ ਨਹ ਛੂਟੀ ਅਧਮਾਈ ॥੧॥
ਸਾਧਸੰਗੁ ਕਬਹੂ ਨਹੀ ਕੀਨਾ ਨਹ ਕੀਰਤਿ ਪ੍ਰਭ ਗਾਈ ॥
ਜਨ ਨਾਨਕ ਮੈ ਨਾਹਿ ਕੋਊ ਗੁਨੁ ਰਾਖਿ ਲੇਹੁ ਸਰਨਾਈ ॥੨॥੬॥
-ਗੁਰੂ ਗ੍ਰੰਥ ਸਾਹਿਬ ੬੩੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਮਨੁਖ ਦੀ ਹਾਲਤ ਇਸ ਲਹਿਜ਼ੇ ਵਿਚ ਦੱਸ ਰਹੇ ਹਨ, ਜਿਵੇਂ ਕੋਈ ਬਾਲ ਆਪਣੀ ਮਾਂ ਨੂੰ ਪੁੱਛ ਰਿਹਾ ਹੋਵੇ ਕਿ ਉਹ ਧਰਤੀ ਦੇ ਮਾਲਕ ਪ੍ਰਭੂ ਨੂੰ ਕਿਸ ਤਰੀਕੇ ਨਾਲ ਜਾਣੇ ਜਾਂ ਪਛਾਣੇ? ਕਿਉਂਕਿ ਉਸ ਦਾ ਮਨ ਰਿਸ਼ਤਿਆਂ ਦੇ ਮੋਹ ਜੰਜਾਲ ਅਤੇ ਅਗਿਆਨਤਾ ਦੇ ਹਨੇਰੇ ਵਿਚ ਇਸ ਤਰ੍ਹਾਂ ਉਲਝ ਕੇ ਰਹਿ ਗਿਆ ਹੈ ਕਿ ਇਸ ਵਿਚ ਪ੍ਰਭੂ ਪਿਆਰੇ ਦੀ ਪਛਾਣ ਹੋਣਾ ਅਸੰਭਵ ਹੀ ਹੋ ਗਿਆ ਹੈ।
ਪਾਤਸ਼ਾਹ ਦੱਸਦੇ ਹਨ ਕਿ ਮਨੁਖ ਦਾ ਸਾਰਾ ਜੀਵਨ ਬੜੇ ਹੀ ਗਹਿਰੇ ਭਰਮ-ਜਾਲ ਵਿਚ ਵਿਅਰਥ ਬਤੀਤ ਹੋ ਗਿਆ ਹੈ। ਉਸ ਨੂੰ ਅਡੋਲ ਅਤੇ ਟਿਕਾਅ ਵਾਲੀ ਸੋਝੀ ਪ੍ਰਾਪਤ ਨਹੀਂ ਹੋ ਸਕੀ। ਮਨੁਖ ਦੀ ਸੁਰਤ ਦਿਨ-ਰਾਤ ਮਾਇਕੀ ਪਦਾਰਥਾਂ ਵਿਚ ਹੀ ਖਚਤ ਹੋਈ ਰਹੀ ਹੈ, ਜਿਸ ਕਰਕੇ ਉਸ ਦਾ ਆਪਣੇ ਇਸ ਘਟੀਆਪਣ ਤੋਂ ਛੁਟਕਾਰਾ ਨਹੀਂ ਹੋ ਸਕਿਆ।
ਪਾਤਸ਼ਾਹ ਦੱਸਦੇ ਹਨ ਕਿ ਅਸਲ ਕਾਰਣ ਇਹ ਹੈ ਕਿ ਅਜਿਹੇ ਮਨੁਖ ਨੇ ਕਦੇ ਕਿਸੇ ਭਲੇ-ਪੁਰਖ ਦੀ ਸੰਗਤ ਵਿਚ ਸਿੱਖਿਆ ਪ੍ਰਾਪਤ ਨਹੀਂ ਕੀਤੀ ਤੇ ਨਾ ਹੀ ਕਦੇ ਪ੍ਰਭੂ ਦੀ ਸਿਫ਼ਤਿ-ਸ਼ਲਾਘਾ ਕੀਤੀ ਹੈ। ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਉਹ ਜਿਸ ਮਨੁਖ ਦੀ ਗੱਲ ਕਰ ਰਹੇ ਹਨ, ਅਸਲ ਵਿਚ ਉਸ ਅੰਦਰ ਕੋਈ ਵੀ ਗੁਣ ਨਹੀਂ ਹੈ। ਇਸ ਕਰਕੇ ਪ੍ਰਭੂ ਅੱਗੇ ਅਰਦਾਸ ਹੈ ਕਿ ਉਹ ਆਪਣੀ ਸ਼ਰਣ ਆਏ ਮਨੁਖ ਦੀ ਇੱਜ਼ਤ ਰਖ ਲਵੇ।