ਇਸ ਸ਼ਬਦ ਵਿਚ ਮਨ ਨੂੰ ਮੁਖਾਤਬ ਹੁੰਦਿਆਂ, ਉਸ ਨੂੰ ਖੋਟੀ ਮਤਿ, ਕਾਮ-ਵਾਸ਼ਨਾ ਅਤੇ ਨਿੰਦਿਆ ਤੋਂ ਵਰਜਿਆ ਹੈ। ਇਨ੍ਹਾਂ ਵਿਚ ਗ੍ਰਸਤ ਹੋ ਕੇ ਮਨ ਪ੍ਰਭੂ ਭਗਤੀ ਤੋਂ ਵਾਂਝਾ ਰਹਿ ਜਾਂਦਾ ਹੈ। ਉਹ ਸੰਤੋਖ ਤੇ ਸਥਿਰਤਾ ਹਾਸਲ ਨਹੀਂ ਕਰ ਸਕਦਾ। ਇਸ ਲਈ ਉਸ ਨੂੰ ਪ੍ਰਭੂ ਵੱਲ ਪਰਤ ਆਉਣ ਦੀ ਪ੍ਰੇਰਨਾ ਦਿੱਤੀ ਗਈ ਹੈ।
ਸੋਰਠਿ ਮਹਲਾ ੯ ॥
ਮਨ ਰੇ ਕਉਨੁ ਕੁਮਤਿ ਤੈ ਲੀਨੀ ॥
ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ ॥੧॥ ਰਹਾਉ ॥
ਮੁਕਤਿ ਪੰਥੁ ਜਾਨਿਓ ਤੈ ਨਾਹਨਿ ਧਨ ਜੋਰਨ ਕਉ ਧਾਇਆ ॥
ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ ॥੧॥
ਨਾ ਹਰਿ ਭਜਿਓ ਨ ਗੁਰਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ ॥
ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ ॥੨॥
ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ ॥
ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ ॥੩॥੩॥
-ਗੁਰੂ ਗ੍ਰੰਥ ਸਾਹਿਬ ੬੩੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਆਪਣੇ ਮਨ ਨੂੰ ਮੁਖਾਤਬ ਹੋਣ ਦੇ ਅੰਦਾਜ਼ ਵਿਚ ਮਨੁਖ ਨੂੰ ਸਮਝਾਉਂਦੇ ਹਨ ਕਿ ਉਸ ਨੇ ਜ਼ਰੂਰ ਕੋਈ ਬੁਰੀ ਮੱਤ ਪ੍ਰਾਪਤ ਕਰ ਲਈ ਹੈ, ਜਿਸ ਕਰਕੇ ਉਹ ਪਰਾਈਆਂ ਔਰਤਾਂ ਵਿਚ ਤੇ ਦੂਸਰਿਆਂ ਦੀ ਨਿੰਦਿਆ-ਚੁਗਲੀ ਦੇ ਸੁਆਦ ਵਿਚ ਰਮਿਆਂ ਰਹਿੰਦਾ ਹੈ ਤੇ ਪ੍ਰਭੂ ਦੀ ਪ੍ਰੇਮ ਭਗਤੀ ਵੱਲ ਕਦੇ ਤਵੱਜੋ ਤਕ ਨਹੀਂ ਦਿੱਤੀ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਮਨੁਖ ਸਦਾ ਧਨ-ਦੌਲਤ ਜਮਾਂ ਕਰਨ ਲਈ ਭੱਜ-ਦੌੜ ਕਰਦਾ ਰਹਿੰਦਾ ਹੈ ਤੇ ਜੀਵਨ ਦੇ ਝਮੇਲਿਆਂ ਤੋਂ ਖਹਿੜਾ ਛਡਾਉਣ ਦੇ ਵਿਧੀ-ਵਿਧਾਨ ਜਾਂ ਤਰੀਕੇ ਨੂੰ ਸਮਝਣ ਜਾਂ ਜਾਣਨ ਦੀ ਕਦੇ ਕੋਸ਼ਿਸ਼ ਤਕ ਨਹੀਂ ਕੀਤੀ। ਇਸ ਮਨੁਖ ਨੂੰ ਇਹ ਵੀ ਨਹੀਂ ਪਤਾ ਕਿ ਜਿਸ ਧਨ-ਦੌਲਤ ਲਈ ਉਹ ਰਾਤ-ਦਿਨ ਭੱਜ-ਨੱਠ ਕਰ ਰਿਹਾ ਹੈ, ਇਸ ਨੇ ਮੁਸ਼ਕਲ ਦੇ ਸਮੇਂ ਉਸ ਦਾ ਬਿਲਕੁਲ ਸਾਥ ਨਹੀਂ ਦੇਣਾ। ਮਨੁਖ ਨੇ ਆਪਣੇ-ਆਪ ਨੂੰ ਧਨ-ਦੌਲਤ ਜਮ੍ਹਾਂ ਕਰਨ ਵਿਚ ਬੇਮਤਲਬ ਹੀ ਖਚਤ ਕੀਤਾ ਹੋਇਆ ਹੈ।
ਫਿਰ ਪਾਤਸ਼ਾਹ ਦੱਸਦੇ ਹਨ ਕਿ ਪਦਾਰਥ ਮਗਰ ਲੱਗੇ ਹੋਏ ਮਨੁਖ ਨੇ ਨਾ ਹੀ ਕਦੇ ਪ੍ਰਭੂ ਦੀ ਭਜਨ-ਬੰਦਗੀ ਕੀਤੀ ਹੈ ਤੇ ਨਾ ਹੀ ਗੁਰ-ਸ਼ਬਦ ਦੀ ਸਿਖਿਆ ਕਮਾਈ ਹੈ। ਇਥੋਂ ਤਕ ਕਿ ਇਸ ਨੂੰ ਕਦੇ ਕੋਈ ਗਿਆਨ ਦੀ ਗੱਲ ਵੀ ਨਹੀਂ ਸੁਝੀ ਕਿ ਇਹ ਕੁਝ ਸੋਚ ਸਮਝ ਸਕੇ। ਪਾਤਸ਼ਾਹ ਦੱਸਦੇ ਹਨ ਕਿ ਅਸਲ ਵਿਚ ਪ੍ਰਭੂ ਇਸ ਦੇ ਅੰਦਰ ਹੀ ਰਮਿਆ ਹੋਇਆ ਹੈ, ਜਿਸ ਦਾ ਇਸ ਨੂੰ ਪਤਾ ਹੀ ਨਹੀਂ ਤੇ ਇਹ ਉਸ ਨੂੰ ਜੰਗਲ-ਬੀਆਬਾਨ ਵਿਚ ਲੱਭਣ ਦੀ ਕੋਸ਼ਿਸ਼ ਕਰਦਾ ਹੈ।
ਅਖੀਰ ਵਿਚ ਪਾਤਸ਼ਾਹ ਦਿੱਸਦੇ ਹਨ ਕਿ ਮਨੁਖ ਨੇ ਆਪਣੇ ਜੀਵਨ ਦਾ ਬਹੁਤਾ ਹਿੱਸਾ ਭਟਕਣ ਵਿਚ ਗੁਆ ਲਿਆ ਹੈ। ਇਸ ਨੂੰ ਅਜੇ ਵੀ ਅਜਿਹੀ ਸੂਝ ਪ੍ਰਾਪਤ ਨਹੀਂ ਹੋਈ, ਜਿਸ ਸਦਕਾ ਇਹ ਇਸ ਭਟਕਣ ਤੋਂ ਮੁਕਤ ਹੋ ਕੇ ਅਡੋਲ ਅਵਸਥਾ ਪ੍ਰਾਪਤ ਕਰ ਸਕੇ। ਪਾਤਸ਼ਾਹ ਦੱਸਦੇ ਹਨ ਕਿ ਇਸ ਨੂੰ ਏਨੀ ਉੱਤਮ ਸੌਗਾਤ ਜਿਹੀ ਦੇਹੀ ਸਦਕਾ ਮਨੁਖ ਹੋਣ ਦੀ ਸ੍ਰੇਸ਼ਟ ਪਦਵੀ ਪ੍ਰਾਪਤ ਹੋਈ ਹੈ, ਜਿਸ ਕਰਕੇ ਹੁਣ ਇਸ ਨੂੰ ਪ੍ਰਭੂ ਦੀ ਭਜਨ-ਬੰਦਗੀ, ਭਾਵ ਸਿਮਰਨ ਕਰਨਾ ਚਾਹੀਦਾ ਹੈ। ਜਿਸ ਨਾਲ ਇਹ ਆਤਮਕ ਅਡੋਲਤਾ ਹਾਸਲ ਕਰ ਸਕਦਾ ਹੈ।