Guru Granth Sahib Logo
  
ਇਸ ਸ਼ਬਦ ਵਿਚ ਮਨੁਖ ਨੂੰ ਗੁਰ-ਸ਼ਬਦ ਦੀ ਸਿਖਿਆ ਗ੍ਰਹਿਣ ਕਰਨ ਲਈ ਸੁਚੇਤ ਕੀਤਾ ਗਿਆ ਹੈ। ਗੁਰ-ਸ਼ਬਦ ਦੀ ਸਿਖਿਆ ਨੂੰ ਗ੍ਰਹਿਣ ਕੀਤੇ ਬਿਨਾਂ ਨਿਰੇ ਧਾਰਮਕ ਪਹਿਰਾਵੇ ਜਾਂ ਕਰਮ-ਕਾਂਡ ਦਾ ਲਾਭ ਨਹੀਂ ਹੁੰਦਾ। ਜਿਹੜਾ ਮਨੁਖ ਪ੍ਰਭੂ ਦਾ ਨਾਮ ਵਿਸਾਰ ਦਿੰਦਾ ਹੈ, ਉਸ ਦਾ ਜੀਵਨ ਅਜਾਈਂ ਚਲਾ ਜਾਂਦਾ ਹੈ। ਪ੍ਰਭੂ ਦੇ ਨਾਮ ਨੂੰ ਮਨ ਵਿਚ ਵਸਾ ਕੇ ਹੀ ਜੀਵਨ ਨੂੰ ਸਫਲਾ ਕੀਤਾ ਜਾ ਸਕਦਾ ਹੈ।
ਸੋਰਠਿ   ਮਹਲਾ

ਮਨ ਰੇ  ਗਹਿਓ ਗੁਰ ਉਪਦੇਸੁ
ਕਹਾ ਭਇਓ ਜਉ ਮੂਡੁ ਮੁਡਾਇਓ   ਭਗਵਉ ਕੀਨੋ ਭੇਸੁ ॥੧॥ ਰਹਾਉ
ਸਾਚ ਛਾਡਿ ਕੈ ਝੂਠਹ ਲਾਗਿਓ   ਜਨਮੁ ਅਕਾਰਥੁ ਖੋਇਓ
ਕਰਿ ਪਰਪੰਚ ਉਦਰ ਨਿਜ ਪੋਖਿਓ   ਪਸੁ ਕੀ ਨਿਆਈ ਸੋਇਓ ॥੧॥
ਰਾਮ ਭਜਨ ਕੀ ਗਤਿ ਨਹੀ ਜਾਨੀ   ਮਾਇਆ ਹਾਥਿ ਬਿਕਾਨਾ
ਉਰਝਿ ਰਹਿਓ ਬਿਖਿਅਨ ਸੰਗਿ ਬਉਰਾ   ਨਾਮੁ ਰਤਨੁ ਬਿਸਰਾਨਾ ॥੨॥
ਰਹਿਓ ਅਚੇਤੁ  ਚੇਤਿਓ ਗੋਬਿੰਦ   ਬਿਰਥਾ ਅਉਧ ਸਿਰਾਨੀ
ਕਹੁ ਨਾਨਕ  ਹਰਿ ਬਿਰਦੁ ਪਛਾਨਉ   ਭੂਲੇ ਸਦਾ ਪਰਾਨੀ ॥੩॥੧੦॥
-ਗੁਰੂ ਗ੍ਰੰਥ ਸਾਹਿਬ ੬੩੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਆਪਣੇ ਮਨ ਦੇ ਰਾਹੀਂ ਉਸ ਮਨੁਖ ਦੀ ਅਵਸਥਾ ਬਿਆਨ ਕਰਦੇ ਹਨ, ਜਿਸ ਨੇ ਆਪਣੇ ਮਨ ਵਿਚ ਗੁਰੂ ਦੀ ਸਿੱਖਿਆ ਨੂੰ ਕਦੇ ਕੋਈ ਥਾਂ ਨਹੀਂ ਦਿੱਤੀ। ਪਾਤਸ਼ਾਹ ਕਹਿੰਦੇ ਹਨ ਕਿ ਇਸ ਨਾਲ ਕੀ ਹੋਵੇਗਾ, ਜੇ ਉਸ ਨੇ ਆਪਣਾ ਮੂੰਹ ਸਿਰ ਮੁਨਵਾ ਕੇ ਭਗਵੇਂ ਰੰਗ ਦੇ ਕੱਪੜੇ ਪਾ ਲਏ ਹਨ, ਭਾਵ ਸਾਧੂਆਂ ਜਿਹਾ ਭੇਸ ਬਣਾ ਲੈਣ ਨਾਲ ਕੁਝ ਨਹੀਂ ਸੰਵਰ ਸਕਦਾ, ਜਦ ਤਕ ਗੁਰੂ ਦੀ ਸਿੱਖਿਆ ਆਪਣੇ ਮਨ ਵਿਚ ਵਸਾ ਕੇ, ਉਸ ਉੱਤੇ ਅਮਲ ਨਹੀਂ ਕੀਤਾ ਜਾਂਦਾ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।

ਫਿਰ ਪਾਤਸ਼ਾਹ ਦੱਸਦੇ ਹਨ ਕਿ ਮਨੁਖ ਸੱਚ ਦੀ ਬਜਾਏ ਝੂਠ ਮਗਰ ਲੱਗਾ ਹੋਇਆ ਹੈ ਤੇ ਇਸ ਨੇ ਇਸੇ ਤਰ੍ਹਾਂ ਆਪਣਾ ਜੀਵਨ ਵਿਅਰਥ ਬਤੀਤ ਕਰ ਲਿਆ ਹੈ। ਇਹ ਝੂਠ-ਫਰੇਬ ਦੇ ਸਹਾਰੇ ਅਡੰਬਰ ਰਚਾ ਕੇ ਆਪਣਾ ਪੇਟ ਭਰਨ ਵਿਚ ਹੀ ਲੱਗਾ ਰਿਹਾ ਹੈ ਤੇ ਖਾ ਪੀ ਕੇ ਸਾਰਾ ਸਮਾਂ ਪਸ਼ੂਆਂ ਵਾਂਗ ਸੁੱਤਾ ਰਿਹਾ, ਭਾਵ ਲਾਪਰਵਾਹੀ ਵਿਚ ਹੀ ਜੀਵਨ ਗਵਾ ਲਿਆ ਹੈ।

ਇਸ ਮਨੁਖ ਨੇ ਕਦੇ ਪ੍ਰਭੂ ਦੀ ਭਗਤੀ ਬਾਬਤ ਜਾਨਣ ਦੀ ਕੋਸ਼ਿਸ਼ ਤਕ ਨਹੀਂ ਕੀਤੀ। ਇਸ ਦੀ ਹਾਲਤ ਇਸ ਤਰਾਂ ਹੈ, ਜਿਵੇਂ ਇਹ ਸੰਸਾਰੀ ਵਸਤਾਂ ਖਰੀਦਣ ਦੀ ਬਜਾਏ ਖੁਦ ਵਸਤਾਂ ਲਈ ਵਿਕਦਾ ਰਿਹਾ ਹੋਵੇ। ਇਸ ਦੇ ਇਲਾਵਾ ਮਨੁਖ ਵਿਸ਼ੇ-ਵਿਕਾਰਾਂ ਦੇ ਜ਼ਹਿਰ ਵਿਚ ਹੀ ਉਲਝਿਆ ਰਿਹਾ ਹੈ ਤੇ ਇਸ ਨੇ ਅਨਮੋਲ ਰਤਨ ਰੂਪ ਪ੍ਰਭੂ ਦੇ ਨਾਮ-ਸਿਮਰਨ ਨੂੰ ਭੁਲਾ ਹੀ ਦਿੱਤਾ ਹੈ।

ਇਹ ਮਨੁਖ ਏਨਾ ਅਵੇਸਲਾ ਰਿਹਾ ਹੈ ਕਿ ਇਸ ਨੇ ਪ੍ਰਭੂ ਨੂੰ ਕਦੇ ਯਾਦ ਤਕ ਨਹੀਂ ਕੀਤਾ ਤੇ ਇਸ ਨੇ ਸਾਰੀ ਉਮਰ ਬੇਮਤਲਬ ਤੇ ਬੇਮਕਸਦ ਹੀ ਬਤੀਤ ਕਰ ਲਈ ਹੈ। ਅਖੀਰ ਵਿਚ ਪਾਤਸ਼ਾਹ ਹਰੀ-ਪ੍ਰਭੂ ਅੱਗੇ ਅਰਦਾਸ ਕਰਦੇ ਹਨ ਕਿ ਉਹ ਆਪਣੇ ਮੁਢ-ਕਦੀਮੀ ਕਿਰਪਾਲੂ ਅਤੇ ਬਖਸ਼ਿੰਦ ਸੁਭਾਅ ਦੀ ਲਾਜ ਰਖਦੇ ਹੋਏ ਸੇਵਕ ਨੂੰ ਬਖਸ਼ ਕੇ ਆਪਣੇ ਲੜ ਲਗਾ ਲਵੇ ਕਿਉਂਕਿ ਮਨੁਖ ਸਦਾ ਹੀ ਭੁੱਲਣਹਾਰ ਹੈ।
Tags