ਇਸ ਸ਼ਬਦ ਵਿਚ ਮਨੁਖ ਨੂੰ ਉਸ ਦੀ ਪਲ-ਪਲ ਘੱਟਦੀ ਅਤੇ ਵਿਅਰਥ ਜਾ ਰਹੀ ਉਮਰ ਦਾ ਚੇਤਾ ਕਰਾ ਕੇ, ਪਰਮਾਤਮਾ ਨਾਲ ਸੁਰਤ ਜੋੜਨ ਦਾ ਉਪਦੇਸ਼ ਦਿਤਾ ਗਿਆ ਹੈ।
ਰਾਮਕਲੀ ਮਹਲਾ ੯ ॥
ਪ੍ਰਾਨੀ ਨਾਰਾਇਨ ਸੁਧਿ ਲੇਹਿ ॥
ਛਿਨੁ ਛਿਨੁ ਅਉਧ ਘਟੈ ਨਿਸਿ ਬਾਸੁਰ ਬ੍ਰਿਥਾ ਜਾਤੁ ਹੈ ਦੇਹ ॥੧॥ ਰਹਾਉ ॥
ਤਰਨਾਪੋ ਬਿਖਿਅਨ ਸਿਉ ਖੋਇਓ ਬਾਲਪਨੁ ਅਗਿਆਨਾ ॥
ਬਿਰਧਿ ਭਇਓ ਅਜਹੂ ਨਹੀ ਸਮਝੈ ਕਉਨ ਕੁਮਤਿ ਉਰਝਾਨਾ ॥੧॥
ਮਾਨਸ ਜਨਮੁ ਦੀਓ ਜਿਹ ਠਾਕੁਰਿ ਸੋ ਤੈ ਕਿਉ ਬਿਸਰਾਇਓ ॥
ਮੁਕਤੁ ਹੋਤ ਨਰ ਜਾ ਕੈ ਸਿਮਰੈ ਨਿਮਖ ਨ ਤਾ ਕਉ ਗਾਇਓ ॥੨॥
ਮਾਇਆ ਕੋ ਮਦੁ ਕਹਾ ਕਰਤੁ ਹੈ ਸੰਗਿ ਨ ਕਾਹੂ ਜਾਈ ॥
ਨਾਨਕੁ ਕਹਤੁ ਚੇਤਿ ਚਿੰਤਾਮਨਿ ਹੋਇ ਹੈ ਅੰਤਿ ਸਹਾਈ ॥੩॥੩॥੮੧॥
-ਗੁਰੂ ਗ੍ਰੰਥ ਸਾਹਿਬ ੯੦੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਮਨੁਖ ਨੂੰ ਆਦੇਸ਼ ਕਰਦੇ ਹਨ ਕਿ ਉਹ ਪ੍ਰਭੂ ਨੂੰ ਯਾਦ ਕਰੇ। ਪਲ-ਪਲ ਕਰਕੇ ਦਿਨ-ਰਾਤ ਉਸ ਦੀ ਉਮਰ ਹੀ ਨਹੀਂ ਘੱਟ ਰਹੀ, ਬਲਕਿ ਪ੍ਰਭੂ ਦੇ ਨਾਮ-ਸਿਮਰਨ ਤੋਂ ਬਿਨਾਂ ਉਸ ਦਾ ਮਨੁਖਾ ਜੀਵਨ ਵੀ ਵਿਅਰਥ ਜਾ ਰਿਹਾ ਹੈ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਫਿਰ ਪਾਤਸ਼ਾਹ ਦੱਸਦੇ ਹਨ ਕਿ ਮਨੁਖ ਦਾ ਬਚਪਨ ਅਗਿਆਨਤਾ ਕਾਰਣ ਵਿਅਰਥ ਬਤੀਤ ਹੋ ਜਾਂਦਾ ਹੈ ਤੇ ਆਪਣੀ ਜੁਆਨੀ ਨੂੰ ਉਹ ਵਿਸ਼ੇ-ਵਿਕਾਰਾਂ ਵਿਚ ਅਜਾਈਂ ਗੁਆ ਲੈਂਦਾ ਹੈ। ਹੁਣ ਉਹ ਬਿਰਧ ਅਵਸਥਾ ਵਿਚ ਪੁੱਜ ਗਿਆ ਹੈ ਤੇ ਉਹ ਪਤਾ ਨਹੀਂ ਕਿਹੜੇ ਬੁਰੇ ਵਿਚਾਰਾਂ ਵਿਚ ਉਲਝਿਆ ਹੋਇਆ ਹੈ ਕਿ ਉਹ ਹਾਲੇ ਵੀ ਸਮਝਣ ਲਈ ਤਿਆਰ ਨਹੀਂ ਹੁੰਦਾ।
ਫਿਰ ਪਾਤਸ਼ਾਹ ਮਨੁਖ ਨੂੰ ਸਿੱਧਾ ਮੁਖਾਤਬ ਹੋ ਕੇ ਪੁੱਛਦੇ ਹਨ ਕਿ ਜਿਸ ਪ੍ਰਭੂ ਨੇ ਤੈਨੂੰ ਜਨਮ ਦਿੱਤਾ ਹੈ, ਉਸ ਪ੍ਰਭੂ ਨੂੰ ਮਨੁਖ ਨੇ ਕਿਉਂ ਵਿਸਾਰ ਦਿੱਤਾ ਹੈ? ਜਿਸ ਪ੍ਰਭੂ ਦਾ ਸਿਮਰਨ ਕਰ ਕੇ ਮਨੁਖ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ, ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਉਸ ਨੂੰ ਜ਼ਰਾ ਜਿੰਨਾ ਵੀ ਯਾਦ ਨਹੀਂ ਕਰਦਾ।
ਅਖੀਰ ਵਿਚ ਪਾਤਸ਼ਾਹ ਹੈਰਾਨ ਹੁੰਦੇ ਹਨ ਕਿ ਪਤਾ ਨਹੀਂ ਮਨੁਖ ਮਾਇਆ ਦੇ ਨਸ਼ੇ ਵਿਚ ਕਿਉਂ ਗਲਤਾਨ ਰਹਿੰਦਾ ਹੈ? ਜਦ ਕਿ ਇਹ ਮਾਇਆ ਮਨੁਖ ਦੇ ਅੰਤਮ ਸਮੇਂ ਨਾਲ ਨਹੀਂ ਨਿਭਦੀ, ਭਾਵ ਮੌਤ ਤੋਂ ਬਚਾ ਨਹੀਂ ਸਕਦੀ। ਇਸ ਲਈ ਪਾਤਸ਼ਾਹ ਮਨੁਖ ਨੂੰ ਉਪਦੇਸ਼ ਕਰਦੇ ਹਨ ਕਿ ਉਹ ਮਨ ਦੀ ਇਛਾ ਪੂਰੀ ਕਰਨ ਵਾਲੇ ਪ੍ਰਭੂ ਨੂੰ ਚੇਤੇ ਰਖਿਆ ਕਰੇ, ਕਿਉਂਕਿ ਅਖੀਰ ਉਸ ਨੇ ਹੀ ਸਾਥ ਦੇਣਾ ਹੈ।