Guru Granth Sahib Logo
  
ਇਸ ਸ਼ਬਦ ਵਿਚ ਮਨ ਨੂੰ ਸੰਬੋਧਤ ਹੁੰਦਿਆਂ ਉਪਦੇਸ਼ ਕੀਤਾ ਗਿਆ ਹੈ ਕਿ ਹੇ ਮਨ! ਤੂੰ ਪਰਮਾਤਮਾ ਦੇ ਨਾਮ ਦਾ ਆਸਰਾ ਲੈ। ਨਾਮ-ਸਿਮਰਨ ਦੀ ਬਰਕਤ ਨਾਲ ਹੀ ਤੂੰ ਆਪਣੀ ਦੁਰਮਤਿ ਦੂਰ ਕਰਕੇ, ਮੁਕਤ ਪਦ ਪ੍ਰਾਪਤ ਕਰ ਸਕਦਾ ਹੈਂ।
ਸਤਿਗੁਰ ਪ੍ਰਸਾਦਿ
ਰਾਗੁ ਰਾਮਕਲੀ   ਮਹਲਾ ੯   ਤਿਪਦੇ

ਰੇ ਮਨ  ਓਟ ਲੇਹੁ ਹਰਿ ਨਾਮਾ
ਜਾ ਕੈ ਸਿਮਰਨਿ ਦੁਰਮਤਿ ਨਾਸੈ   ਪਾਵਹਿ ਪਦੁ ਨਿਰਬਾਨਾ ॥੧॥ ਰਹਾਉ
ਬਡਭਾਗੀ ਤਿਹ ਜਨ ਕਉ ਜਾਨਹੁ   ਜੋ ਹਰਿ ਕੇ ਗੁਨ ਗਾਵੈ
ਜਨਮ ਜਨਮ ਕੇ ਪਾਪ ਖੋਇ ਕੈ   ਫੁਨਿ ਬੈਕੁੰਠਿ ਸਿਧਾਵੈ  ੧॥
ਅਜਾਮਲ ਕਉ ਅੰਤਕਾਲ ਮਹਿ   ਨਾਰਾਇਨ ਸੁਧਿ ਆਈ
ਜਾਂ ਗਤਿ ਕਉ ਜੋਗੀਸੁਰ ਬਾਛਤ   ਸੋ ਗਤਿ ਛਿਨ ਮਹਿ ਪਾਈ ॥੨॥
ਨਾਹਿਨ ਗੁਨੁ  ਨਾਹਿਨ ਕਛੁ ਬਿਦਿਆ   ਧਰਮੁ ਕਉਨੁ ਗਜਿ ਕੀਨਾ
ਨਾਨਕ  ਬਿਰਦੁ ਰਾਮ ਕਾ ਦੇਖਹੁ   ਅਭੈਦਾਨੁ ਤਿਹ ਦੀਨਾ ॥੩॥੧॥
-ਗੁਰੂ ਗ੍ਰੰਥ ਸਾਹਿਬ ੯੦੧-੯੦੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਮਨੁਖ ਦੇ ਮਨ ਨੂੰ ਨਸੀਹਤ ਦਿੰਦੇ ਹਨ ਕਿ ਉਸ ਨੂੰ ਹਰੀ-ਪ੍ਰਭੂ ਦੇ ਨਾਮ-ਸਿਮਰਨ ਦਾ ਸਹਾਰਾ ਲੈਣਾ ਚਾਹੀਦਾ ਹੈ, ਕਿਉਂਕਿ ਇਸ ਨਾਮ-ਸਿਮਰਨ ਦੀ ਬਰਕਤ ਸਦਕਾ ਹੀ ਮਨ ਵਿਚੋਂ ਬੁਰੇ ਵਿਚਾਰ ਖਤਮ ਹੁੰਦੇ ਹਨ। ਮਨੁਖ ਅਜਿਹੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ, ਜਿਸ ਵਿਚ ਉਸ ਦਾ ਚਿੱਤ ਹਰ ਤਰ੍ਹਾਂ ਦੀ ਦੁਨਿਆਵੀ ਚਾਹਤ ਮਿਟਾ ਲੈਂਦਾ ਹੈ ਤੇ ਪ੍ਰਭੂ ਪਿਆਰ ਵਿਚ ਹੀ ਸੁਰਤ ਟਿਕਾਈ ਰਖਦਾ ਹੈ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।

ਫਿਰ ਪਾਤਸ਼ਾਹ ਦੱਸਦੇ ਹਨ ਕਿ ਉਸ ਮਨੁਖ ਨੂੰ ਵਡੇ ਭਾਗਾਂ ਵਾਲਾ ਜਾਂ ਚੰਗੀ ਕਿਸਮਤ ਵਾਲਾ ਸਮਝਣਾ ਚਾਹੀਦਾ ਹੈ, ਜਿਹੜਾ ਹਰੀ-ਪ੍ਰਭੂ ਦੀ ਸਿਫਤਿ-ਸ਼ਲਾਘਾ ਜਾਂ ਗੁਣ ਗਾਇਨ ਵਿਚ ਲੀਨ ਰਹਿੰਦਾ ਹੈ। ਜਿਹੜਾ ਸਿਮਰਨ ਦੀ ਬਰਕਤ ਨਾਲ ਆਪਣੇ ਜੀਵਨ ਭਰ ਦੇ ਦੁਸ਼ਕਰਮ ਮਿਟਾ ਲੈਂਦਾ ਹੈ ਤੇ ਫਿਰ ਪ੍ਰਭੂ ਮਿਲਾਪ ਹਾਸਲ ਕਰ ਲੈਂਦਾ ਹੈ।

ਫਿਰ ਪਾਤਸ਼ਾਹ ਅਜਾਮਲ ਦੀ ਕਥਾ ਦਾ ਹਵਾਲਾ ਦਿੰਦੇ ਹਨ, ਜਿਸ ਦੀ ਅੰਤਮ ਸਮੇਂ ਪ੍ਰਭੂ ਦਾ ਸਿਮਰਨ ਕਰਦਿਆਂ ਚੇਤਨਾ ਜਾਗੀ ਤੇ ਉਹ ਆਪਣੇ ਬੁਰੇ ਕਰਮਾਂ ਤੋਂ ਨਿਰਲੇਪ ਹੋ ਗਿਆ। ਜਿਹੋ-ਜਿਹੀ ਅਵਸਥਾ ਲਈ ਮਹਾਨ ਤਪੱਸਵੀ ਜੋਗੀ ਆਦਿ ਤਾਂਘਦੇ ਹਨ, ਅਜਾਮਲ ਨੇ ਉਹ ਅਵਸਥਾ ਪ੍ਰਭੂ-ਸਿਮਰਨ ਦੀ ਬਰਕਤ ਨਾਲ ਪਲ ਛਿਣ ਵਿਚ ਹੀ ਪ੍ਰਾਪਤ ਕਰ ਲਈ ਸੀ।

ਫਿਰ ਪਾਤਸ਼ਾਹ ਗੰਧਰਵ, ਦੇਵਤਿਆਂ ਦੇ ਮੰਨੇ ਜਾਂਦੇ ਗਵੱਈਏ ਦੀ ਉਦਾਹਰਣ ਦਿੰਦੇ ਹਨ, ਜਿਹੜਾ ਦੇਵਲ ਰਿਸ਼ੀ ਦੇ ਸਰਾਪ ਕਾਰਣ ਹਾਥੀ ਦੀ ਜੂਨੇ ਪੈ ਗਿਆ ਸੀ ਤੇ ਜਿਸ ਨੂੰ ਵਰੁਣ ਦੇ ਤਲਾਅ ਵਿਚ ਤੰਦੂਏ ਨੇ ਆਪਣੇ ਜਾਲ ਵਿਚ ਜਕੜ ਲਿਆ ਸੀ। ਪਾਤਸ਼ਾਹ ਦੱਸਦੇ ਹਨ ਉਸ ਹਾਥੀ ਕੋਲ ਨਾ ਕੋਈ ਵਿਦਿਆ ਸੀ, ਨਾ ਹੀ ਉਸ ਵਿਚ ਕੋਈ ਵਿਸ਼ੇਸ਼ ਗੁਣ ਸੀ ਤੇ ਧਰਮ-ਕਰਮ ਵੀ ਉਸ ਨੇ ਕੋਈ ਨਹੀਂ ਸੀ ਕੀਤਾ। ਫਿਰ ਵੀ ਪ੍ਰਭੂ ਦੀ ਸਿਫਤਿ ਦੇਖੋ ਕਿ ਉਸ ਨੇ ਹਾਥੀ ਨੂੰ ਵੀ ਨਿਡਰਤਾ ਦਾ ਦਾਨ ਦੇ ਦਿੱਤਾ ਸੀ, ਜਿਸ ਨਾਲ ਉਹ ਤੰਦੂਏ ਦੇ ਜਾਲ ਵਿਚੋਂ ਮੁਕਤ ਹੋ ਸਕਿਆ।
Tags